ਡਾਬਾਲੁਹਾਰਾ, 20 ਜੁਲਾਈ (ਕੁਲਵੰਤ ਸਿੰਘ ਸੱਪਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੌਜਵਾਨੀ ਨੂੰ ਨਸ਼ਿਆਂ ਤੋਂ ਪਾਸੇ ਕਰ ਕੇ, ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ, ਜਿਸਦੇ ਤਹਿਤ ਵੱਖ-ਵੱਖ ਹਲਕਿਆਂ ਵਿਚ ਖੇਡ ਮੈਦਾਨਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਸਥਾਨਕ ਪਿੰਡ ਲੁਹਾਰਾ ਵਿਖੇ ਖੇਡ ਪਾਰਕ ਦਾ ਉਦਘਾਟਨ ਕਰਦਿਆਂ ਕੀਤਾ | ਵਿਧਾਇਕ ਛੀਨਾ ਨੇ ਸਪੋਰਟਸ ਪਾਰਕ ਲੋਕ ਅਰਪਿਤ ਕਰਕੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਤੋਹਫ਼ਾ ਦਿੰਦਿਆਂ ਕਿਹਾ ਕਿ ਇਸ ਖੇਡ ਪਾਰਕ ਵਿਚ ਬੱਚੇ ਅਤੇ ਨੌਜਵਾਨ ਰਾਤ ਦੇ ਸਮੇਂ ਦੂਧੀਆ ਰੋਸ਼ਨੀ ਵਿੱਚ ਵੀ ਮੁਫ਼ਤ ਨੈੱਟ ਕਿ੍ਕਟ ਖੇਡਣ ਦਾ ਆਨੰਦ ਮਾਣ ਸਕਦੇ ਹਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਪੋਰਟਸ ਪਾਰਕ ਹੋਵੇਗਾ ਜਿੱਥੇ ਸੀਨੀਅਰ ਨਾਗਰਿਕਾਂ ਨੇ ਵੀ ਕਿ੍ਕਟ ਖੇਡਣ ਦੀ ਇੱਛਾ ਪ੍ਰਗਟਾਈ ਹੈ ਅਤੇ ਉਹ ਆਪਣੀ ਸਹੂਲਤ ਅਨੁਸਾਰ ਇੱਥੇ ਹੋਣ ਵਾਲੀਆਂ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣਗੇ | ਵਿਧਾਇਕ ਛੀਨਾ ਨੇ ਕਿਹਾ ਕਿ ਕਿ੍ਕਟ ਤੂੰ ਇਲਾਵਾ ਪਾਰਕ ਵਿਚ ਛੋਟੇ ਬੱਚਿਆਂ ਲਈ ਸਾਹਸੀ ਖੇਡਾਂ, ਝੂਲੇ ਅਤੇ ਸਲਾਈਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | 14 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਧਾਇਕ ਛੀਨਾ ਦੇ ਦਫ਼ਤਰ ਵਿਚ ਚੱਲ ਰਹੀ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |