ਫੁੱਲਾਂਵਾਲ, 20 ਜੁਲਾਈ (ਮਨਜੀਤ ਸਿੰਘ ਦੁੱਗਰੀ)-200 ਫੁੱਟੀ ਮਿਸਿੰਗ ਲਿੰਕ ਸੜਕ ਕਿਨਾਰੇ ਸਥਿਤ ਬਸੰਤ ਐਵਿਨਿਊ ਵਾਸੀ ਇੰਨੀ ਦੇਣੀ ਥਾਂ ਥਾਂ 'ਤੇ ਸੀਵਰੇਜ ਦੀ ਹੋ ਰਹੀ ਲੀਕੇਜ ਕਾਰਨ ਬਦਬੂ ਮਾਰਦੇ ਖੜੇ ਪਾਣੀ, ਪੀਣ ਵਾਲੇ ਪਾਣੀ ਵਿਚ ਕਈ ਥਾਵਾਂ ਤੋਂ ਲੀਕੇਜ ਕਾਰਨ ਪਾਣੀ ਵਿਚ ਰਲ ਰਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਸੰਤਾਪ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਥਾਂ ਥਾਂ 'ਤੇ ਸੀਵਰੇਜ ਦੇ ਲੀਕ ਹੋਏ ਪਾਣੀ ਨਾਲ ਬਣੇ ਛੱਪੜਾਂ ਵਿਚ ਭਿੰਨ ਭਿੰਨਾ ਰਿਹਾ ਮੱਛਰ ਅਤੇ ਬਦਬੂਦਾਰ ਕਾਰਨ ਬਣੀ ਆਬੋ ਹਵਾ ਕਾਰਨ ਉਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਵਾਸੀਆਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | 3200 ਦੇ ਕਰੀਬ ਵੋਟਰਾਂ ਅਤੇ 7000 ਦੇ ਕਰੀਬ ਆਬਾਦੀ ਵਾਲੇ ਇਸ ਏਰੀਏ ਵਿਚ ਦੋ ਸਕੂਲ, ਮੰਦਰ, ਗੁਰਦੁਆਰਾ ਸਾਹਿਬ, ਹਸਪਤਾਲ ਆਦਿ ਸਥਾਪਿਤ ਹੋਣ ਦੇ ਬਾਵਜੂਦ ਵੀ ਇਹ ਇਲਾਕਾ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੋਣ ਕਰਕੇ ਸੰਤਾਪ ਭੋਗ ਰਿਹਾ ਹੈ ਅਤੇ 9 ਵਾਰਡਾਂ ਵਿਚ ਵਸੀ ਇਸ ਕਾਲੋਨੀ ਦੇ ਵਾਰਡ ਨੰਬਰ 6, 7 ਅਤੇ 8 ਵਿਖੇ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਸਥਿਤੀ ਗੰਭੀਰ ਬਣੀ ਹੋਈ ਹੈ, ਜਿਸ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਇੱਥੋਂ ਦੇ ਵਸਨੀਕਾਂ ਪੰਚਾਇਤ ਮੈਂਬਰਾਂ ਸਰਪੰਚ ਵਿਚਾਲੇ ਕਮਰ ਕੱਸ ਚੱਲ ਰਹੀ ਹੈ | ਮੁਹੱਲਾ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਕਾਲੋਨਾਈਜ਼ਰ ਵਲੋਂ ਕਲੋਨੀ ਦੇ ਡਿਵੈਲਪਮੈਂਟ ਚਾਰਜ ਇਕੱਠੇ ਕਰਨ ਦਾ ਅਧਿਕਾਰ ਪੰਚਾਇਤ ਨੂੰ ਦਿੱਤਾ ਹੋਇਆ ਹੈ, ਪਰ ਪੰਚਾਇਤ ਇਸ ਅਧਿਕਾਰ ਹੇਠ ਸਾਰੇ ਇਲਾਕੇ ਵਿਚੋਂ ਡਿਵੈਲਪਮੈਂਟ ਚਾਰਜ ਇਕੱਠੇ ਕਰਨ ਤੋਂ ਬਾਅਦ ਵੀ ਸੀਵਰੇਜ, ਪੀਣ ਵਾਲੇ ਪਾਣੀ ਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਅਸਫਲ ਸਾਬਤ ਹੋ ਰਹੀ ਹੈ, ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਵਿਚ ਇਹ ਚੁੰਝ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ ਕਿ ਡਿਵੈਲਪਮੈਂਟ ਚਾਰਜ ਦੇ ਨਾਮ 'ਤੇ ਇਕੱਠੇ ਕੀਤੇ ਜਾਣ ਵਾਲੇ ਪੈਸਿਆਂ ਨਾਲ ਪੰਚਾਇਤ ਇੰਟਰਲੋਕ ਟਾਈਲਾਂ ਨਾਲ ਆਪਣੇ ਚਹੇਤਿਆਂ ਦੀਆਂ ਗਲੀਆਂ ਬਣਾ ਕੇ ਫੋਕੀ ਸ਼ੋਹਰਤ ਖੱਟਣ ਤੱਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਮੌਜੂਦਾ ਪੰਚਾਇਤ ਵਲੋਂ ਇਲਾਕੇ ਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਚੱਲ ਰਹੀ ਗੰਭੀਰ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਜਦੋਂ ਇਨ੍ਹਾਂ ਸਮੱਸਿਆਵਾਂ ਬਾਰੇ ਇੱਥੋਂ ਦੀ ਮੌਜੂਦਾ ਪੰਚਾਇਤ ਦੇ ਸਰਪੰਚ ਅਨੰਦ ਗੋਇਲ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਇਹ ਕਹਿੰਦਿਆਂ ਫ਼ੋਨ ਕੱਟ ਦਿੱਤਾ ਕਿ ਉਹ ਸ਼ਹਿਰ ਤੋਂ ਬਾਹਰ ਹਨ, ਬਾਅਦ ਵਿਚ ਕਾਲ ਕਰਕੇ ਇਸ ਬਾਰੇ ਜਾਣਕਾਰੀ ਦੇਣਗੇ | ਮੁੜ ਦੂਜੇ ਦਿਨ ਬਾਰ-ਬਾਰ ਫ਼ੋਨ ਕਰਨ 'ਤੇ ਫ਼ੋਨ ਨਾ ਚੱਕ ਕੇ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਮੁਨਾਸਬ ਨਾ ਸਮਝੀ | ਜਦੋਂ ਕਿ ਇਲਾਕੇ ਦੇ ਕੁੱਝ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਵਲੋਂ ਸੀਵਰੇਜ ਸਾਫ਼ ਕਰਨ ਲਈ ਖਰੀਦੀ ਗਈ ਮਸ਼ੀਨ ਦੇ ਟੈਂਕਰ ਵਿਚ ਸੀਵਰੇਜਾਂ ਵਿਚੋਂ ਗੰਦਾ ਪਾਣੀ ਭਰ ਕੇ ਕਮਿਊਨਿਟੀ ਸੈਂਟਰ ਦੇ ਨਾਲ ਲੱਗਦੇ ਪਾਰਕ ਵਿਚ ਢੇਰੀ ਕੀਤਾ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲਾ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋਣ ਕਰਕੇ ਟੈਂਕੀ ਰਾਹੀਂ ਸਪਲਾਈ ਮਿਲਣ ਤੋਂ ਬਾਅਦ ਪੀਣ ਵਾਲਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਆ ਰਿਹਾ ਹੈ, ਜਿਸ ਦੇ ਕਈ ਸੈਂਪਲ ਵੀ ਮੌਕੇ 'ਤੇ ਹਾਜ਼ਰ ਕੀਤੇ ਅਤੇ ਇਹ ਸੈਂਪਲ ਚੈਕਿੰਗ ਲਈ ਸਿਹਤ ਵਿਭਾਗ ਨੂੰ ਵੀ ਭੇਜੇ ਗਏ |