ਲੁਧਿਆਣਾ, 20 ਜੁਲਾਈ (ਜਤਿੰਦਰ ਭੰਬੀ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਦੇ ਬੀ.ਸੀ.ਏ. ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਲਈ ਇੰਡਕਸ਼ਨ ਸੈਸ਼ਨ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ ਨੇ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਦਾ ਕਾਲਜ ਦੇ ਵਿਹੜੇ 'ਚ ਸਵਾਗਤ ਕਰਦਿਆਂ ਉਨ੍ਹਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਵਚਨਬੱਧਤਾ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਵਿਭਾਗ ਮੁਖੀ ਕਰਨ ਮਦਾਨ ਨੇ ਵਿਦਿਆਰਥਣਾਂ ਨੂੰ ਵਿਭਾਗ ਦੇ ਕੰਮਕਾਜਾਂ ਬਾਰੇ ਚਾਨਣਾ ਪਾਉਂਦਿਆਂ ਕਾਲਜ ਦੇ ਵੱਖ-ਵੱਖ ਨਿਯਮਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਵਿਦਿਆਰਥਣਾਂ ਨੂੰ ਕਾਲਜ ਦੀਆਂ ਵੱਖ-ਵੱਖ ਕਮੇਟੀਆਂ ਤੇ ਕਲੱਬਾਂ ਦੀ ਮਹੱਤਤਾ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਕਾਲਜ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ | ਬਾਅਦ ਵਿਚ ਵਿਦਿਆਰਥਣਾਂ ਨੇ ਆਪਣੇ ਸੰਚਾਰ ਹੁਨਰ ਨੂੰ ਵਧਾਉਣ, ਸਹਿਯੋਗ ਅਤੇ ਟੀਮ ਵਰਕ ਦੀ ਮਹੱਤਤਾ ਸਿੱਖਣ ਲਈ ਕਈ ਖੇਡਾਂ ਖੇਡੀਆਂ | ਪਿ੍ੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਤੇ ਹੋਰ ਮੈਂਬਰ ਸਾਹਿਬਾਨਾਂ ਨੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਦੇ ਉਜਵਲ ਅਕਾਦਮਿਕ ਸਫ਼ਰ ਦੀ ਕਾਮਨਾ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ | ਵਿਦਿਆਰਥਣਾਂ ਨੇ ਇੰਡਕਸ਼ਨ ਸੈਸ਼ਨ ਦਾ ਪੂਰਾ ਆਨੰਦ ਮਾਣਿਆ |