ਢੰਡਾਰੀ ਕਲਾਂ/ਲੁਧਿਆਣਾ, 19 ਜੁਲਾਈ (ਜਸਵੀਰ ਸਿੰਘ ਬੰਗਾ)-ਦਿਨ-ਬ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਢੰਡਾਰੀ ਕਲਾਂ ਵਾਰਡ ਨੰ: 32 ਦੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ 'ਤੇ ਪੌਦੇ ਲਗਾਏ ਗਏ | ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਵੀਰੂ ਨੇ ਕਿਹਾ ਕਿ ਪੌਦੇ ਲਗਾਉਣ ਦੇ ਨਾਲ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਜਾਨਵਰ ਵਗੈਰਾ ਪੌਦਿਆਂ ਦਾ ਨੁਕਸਾਨ ਨਾ ਕਰ ਸਕੇ | ਉਨ੍ਹਾਂ ਕਿਹਾ ਕਿ ਰੁੱਖ ਸਾਨੂੰ ਅਨੇਕਾਂ ਸੁੱਖ ਦਿੰਦੇ ਹਨ, ਇਸ ਲਈ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਆਪਣੇ ਘਰਾਂ, ਪਾਰਕਾਂ ਜਾਂ ਹੋਰ ਖੁੱਲ੍ਹੀਆਂ ਥਾਵਾਂ 'ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ | ਪੌਦੇ ਸਾਡੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਦੇ ਨਾਲ ਨਾਲ ਸ਼ੁੱਧ ਵਾਤਾਵਰਨ ਵੀ ਮੁਹੱਈਆ ਕਰਦੇ ਹਨ, ਜਿਸ ਨਾਲ ਇਨਸਾਨ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ | ਕੌਂਸਲਰ ਵੀਰੂ ਨੇ ਕਿਹਾ ਕਿ ਲਗਾਤਾਰ ਕੀਤੀ ਜਾ ਰਹੀ ਦਰੱਖ਼ਤਾਂ ਦੀ ਕਟਾਈ ਦਾ ਖਮਿਆਜ਼ਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਦੋਪਹੀਆ ਵਾਹਨਾਂ 'ਤੇ ਜਾਂਦੇ ਸਮੇਂ ਸਿਖਰ ਦੁਪਹਿਰੇ ਕੋਈ ਵੀ ਅਜਿਹੀ ਥਾਂ ਨਹੀਂ ਬਚੀ, ਜਿੱਥੇ ਲੋਕ ਖੜ੍ਹ ਕੇ ਧੁੱਪ ਤੋਂ ਬਚ ਸਕਣ | ਇਸ ਮੌਕੇ ਵਿੰਦਰ ਸਿੰਘ, ਹਰਪ੍ਰੀਤ ਸਿੰਘ ਗੈਰੀ, ਗੁਰਜੋਤ ਸਿੰਘ, ਗੁਰਵੀਰ ਸਿੰਘ, ਜਗਦੇਵ ਸਿੰਘ, ਹਰਪਾਲ ਸਿੰਘ, ਬਲਰਾਜ ਸਿੰਘ ਤੇ ਹੋਰ ਹਾਜ਼ਰ ਸਨ |