ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ, ਜਗਮੀਤ ਸਿੰਘ)-ਸ਼ਹਿਰ ਵਿਚ ਟਿਕਾਊ ਵਿਕਾਸ ਅਤੇ ਕੂੜਾ ਪ੍ਰਬੰਧਨ ਵਿਚ ਸੁਧਾਰ ਵੱਲ ਇਕ ਹੋਰ ਕਦਮ ਚੁੱਕਦੇ ਹੋਏ, ਢੰਡਾਰੀ ਕਲਾਂ ਇਲਾਕੇ (ਸਿੰਗਲਾ ਸਾਈਕਲ ਰੋਡ) ਤੇ ਸਥਾਪਤ ਕੰਸਟਰੱਕਸ਼ਨ ਐਂਡ ਡੈਮੋਲੀਸ਼ਨ (ਸੀ.ਐਂਡ.ਡੀ) ਵੇਸਟ ਪ੍ਰੋਸੈਸਿੰਗ ਪਲਾਂਟ ਨਗਰ ਨਿਗਮ ਵਲੋਂ ਚਾਲੂ ਕਰ ਦਿੱਤਾ ਗਿਆ ਹੈ | ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਪਲਾਂਟ ਦਾ ਨਿਰੀਖਣ ਕੀਤਾ, ਜੋ ਕਿ ਲਗਭਗ 9.59 ਕਰੋੜ ਰੁਪਏ (ਪਲਾਂਟ ਦੀ ਲਾਗਤ ਸਮੇਤ) ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ | ਨਿਰੀਖਣ ਦੌਰਾਨ ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ | ਇਹ ਆਧੁਨਿਕ ਪਲਾਂਟ ਲਗਭਗ 2.5 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਹ ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਮਿਸ਼ਨ ਤਹਿਤ ਪ੍ਰਾਪਤ ਫ਼ੰਡਾਂ ਨਾਲ ਸਥਾਪਿਤ ਕੀਤਾ ਗਿਆ ਹੈ | ਸੀ.ਐਂਡ.ਡੀ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਮਸ਼ੀਨਰੀ 4.41 ਕਰੋੜ ਰੁਪਏ (5 ਸਾਲਾਂ ਦੇ ਸੰਚਾਲਨ ਅਤੇ ਰੱਖ-ਰਖਾਅ ਸਮੇਤ) ਦੀ ਲਾਗਤ ਨਾਲ ਸਥਾਪਿਤ ਕੀਤੀ ਗਈ ਹੈ | ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਦੱਸਿਆ ਕਿ ਇਹ ਪਲਾਂਟ ਪ੍ਰਤੀ ਦਿਨ 100 ਟਨ ਸੀ. ਐਂਡ ਡੀ. ਵੇਸਟ ਨੂੰ ਪੋ੍ਰਸੈੱਸ ਕਰਨ ਲਈ ਤਿਆਰ ਕੀਤਾ ਗਿਆ ਹੈ | ਸੀ. ਐਂਡ ਡੀ. ਵੇਸਟ ਨੂੰ ਕੰਕਰੀਟ ਬਲਾਕਾਂ, ਟਾਈਲਾਂ, ਇੱਟਾਂ ਆਦਿ ਬਣਾਉਣ ਲਈ ਰੀਸਾਈਕਲ ਕੀਤਾ ਜਾਵੇਗਾ | ਡੇਚਲਵਾਲ ਨੇ ਦੱਸਿਆ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਸ਼ਹਿਰ ਵਿਚ ਸਫ਼ਾਈ ਨੂੰ ਯਕੀਨੀ ਬਣਾਉਣ ਵਿਚ ਵੀ ਮਦਦ ਮਿਲੇਗੀ | ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਡੰਪ ਕੀਤੇ ਗਏ ਸੀ. ਐਂਡ ਡੀ. ਵੇਸਟ ਨੂੰ ਹੁਣ ਸੀ. ਐਂਡ ਡੀ. ਵੇਸਟ ਪ੍ਰੋਸੈਸਿੰਗ ਪਲਾਂਟ ਵਿਚ ਤਬਦੀਲ ਕਰ ਦਿੱਤਾ ਜਾਵੇਗਾ, ਜਿੱਥੇ ਇਸ ਵੇਸਟ ਨੂੰ ਰੀਸਾਈਕਲ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਨਗਰ ਨਿਗਮ ਅਧੀਨ ਕੰਮ ਕਰਨ ਵਾਲੇ ਸਾਰੇ ਠੇਕੇਦਾਰਾਂ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਪੈਦਾ ਹੋਣ ਵਾਲੇ ਸੀ. ਐਂਡ ਡੀ. ਵੇਸਟ ਨੂੰ ਸਿਰਫ਼ ਸੀ. ਐਂਡ ਡੀ. ਵੇਸਟ ਪ੍ਰੋਸੈਸਿੰਗ ਪਲਾਂਟ ਵਿਚ ਹੀ ਡੰਪ ਕਰਨਾ ਹੋਵੇਗਾ | ਉਨ੍ਹਾਂ ਨੂੰ ਕੰਮਾਂ ਦੀ ਅਦਾਇਗੀ ਲਈ ਨਗਰ ਨਿਗਮ ਕੋਲ ਜਮ੍ਹਾਂ ਕਰਵਾਏ ਗਏ ਬਿੱਲਾਂ ਦੇ ਨਾਲ ਪਲਾਂਟ ਦੀਆਂ ਰਸੀਦਾਂ ਜਮ੍ਹਾਂ ਕਰਾਉਣੀਆਂ ਪੈਣਗੀਆਂ |