19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਲੈਂਡ ਪੂਲਿੰਗ ਨੀਤੀ ਵਿਰੁੱਧ ਧਨੇਰ ਵਲੋਂ ਸਰਕਾਰ ਖਿਲਾਫ਼ ਤਿੱਖੇ ਐਕਸ਼ਨ ਦਾ ਐਲਾਨ <br/>

ਅਜੀਤ ਡੈਸਕ 16-07-2025
ਹੰਬੜਾਂ, 15 ਜੁਲਾਈ (ਮੇਜਰ ਹੰਬੜਾਂ)-ਸੂਬੇ ਅੰਦਰ ਭਗਵੰਤ ਮਾਨ ਸਰਕਾਰ ਵਲੋਂ ਲਿਆਂਦੀ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਪਿੰਡ ਬੀਰਮੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਭਰਵੀ ਮੀਟਿੰਗ ਕੀਤੀ ਗਈ, ਜਿਸ ਵਿਚ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵਲੋਂ ਸਰਕਾਰ ਵਿਰੁੱਧ ਤਿੱਖੇ ਐਕਸ਼ਨ ਦਾ ਐਲਾਨ ਕਰਦਿਆਂ 'ਆਪ' ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਦੱਸਿਆ | ਪ੍ਰਧਾਨ ਧਨੇਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਾਰਪਰੇਟਾਂ ਦੇ ਇਸ਼ਾਰੇ 'ਤੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਮੁਫ਼ਤ 'ਚ ਜ਼ਮੀਨ ਖੋਹਣ ਵਰਗੇ ਫ਼ੈਸਲੇ ਲੈ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਪ੍ਰਧਾਨ ਧਨੇਰ ਨੇ ਹੋਰ ਕਿਹਾ ਕਿ ਸਰਕਾਰ ਜੋ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਉਸ ਦੇ ਨਾਲ ਇਕੱਲਾ ਕਿਸਾਨ ਦਾ ਉਜਾੜਾ ਨਹੀਂ ਹੋਵੇਗਾ ਸਗੋਂ ਹਰ ਵਰਗ ਪ੍ਰਭਾਵਿਤ ਹੋਵੇਗਾ | ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 'ਆਪ' ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾ ਰਿਹਾ ਹੈ, ਜਿਸ 'ਚ 30 ਜੁਲਾਈ ਨੂੰ ਸਰਕਾਰ ਵਿਰੁੱਧ ਟਰੈਕਟਰ ਰੈਲੀ ਅਤੇ ਝੰਡਾ ਮਾਰਚ ਸਰਕਾਰ ਦੇ ਨੱਕ 'ਚ ਦਮ ਕਰ ਦੇਵੇਗਾ ਤੇ ਸਰਕਾਰ ਨੂੰ ਮੁਫ਼ਤ 'ਚ ਜ਼ਮੀਨਾਂ ਖੋਹਣ ਵਰਗੀਆਂ ਮਨਮਾਨੀਆਂ ਨਹੀਂ ਕਰਨ ਦੇਵਾਂਗੇ | ਉਨ੍ਹਾਂ ਕਿਹਾ ਕਿ ਅੱਜ ਕਿਸਾਨ ਜਾਗ ਚੁੱਕਾ ਹੈ ਤੇ ਆਪਣੇ ਹੱਕਾਂ ਖਾਤਰ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬੈਠਾ ਹੈ ਤੇ ਸਰਕਾਰ ਨੂੰ ਜ਼ਮੀਨਾਂ 'ਚ ਪੈਰ ਨਹੀਂ ਪਾਉਣ ਦੇਵੇਗਾ, ਜਿਸ ਲਈ ਕਿਸਾਨਾਂ ਦੇ ਨਾਲ ਹਰ ਵਰਗ ਸਰਕਾਰ ਵਿਰੁੱਧ ਸ਼ੁਰੂ ਹੋ ਚੁੱਕੀ ਜੰਗ 'ਚ ਕਿਸਾਨਾਂ ਦਾ ਸਾਥ ਦੇਵੇਗਾ | ਬੀਕੇਯੂ ਡਕੌਂਦਾ ਦੇ ਆਗੂ ਸੁਖਵਿੰਦਰ ਸਿੰਘ ਮਾਂਗਟ ਨੇ ਕਿਹਾ ਕਿ ਅੱਜ ਦੀ ਪਿੰਡ ਬੀਰਮੀ 'ਚ ਰੱਖੀ ਮੀਟਿੰਗ 'ਚ ਹੋਏ ਭਾਰੀ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਦੇਣਾ ਤਾਂ ਦੂਰ ਅਸੀਂ ਸਰਕਾਰ ਨੂੰ ਜ਼ਮੀਨਾਂ ਵੱਲ ਦੇਖਣ ਵੀ ਨਹੀਂ ਦੇਵਾਂਗੇ | ਉਨ੍ਹਾਂ ਸਾਰੀਆਂ ਇਕਾਈਆਂ ਤੇ ਸਾਥੀ ਕਿਸਾਨਾਂ ਦਾ ਮੀਟਿੰਗ 'ਚ ਪੁੱਜਣ 'ਤੇ ਧੰਨਵਾਦ ਕੀਤਾ | ਇਸ ਮੌਕੇ ਬੀਕੇਯੂ ਡਕੌਂਦਾ ਮਹਿਲਾ ਵਿੰਗ ਦੇ ਆਗੂ ਬੀਬੀ ਹਰਜਿੰਦਰ ਕੌਰ, ਹਾਕਮ ਸਿੰਘ ਭੱਟੀਆਂ, ਬੇਅੰਤ ਸਿੰਘ ਬਾਣੀਏਵਾਲ, ਸਾਬਕਾ ਸਰਪੰਚ ਕਰਮਜੀਤ ਸਿੰਘ ਮਲਕਪੁਰ, ਪ੍ਰਧਾਨ ਰਘਵੀਰ ਸਿੰਘ ਗਿੱਲ, ਕਰਮਦੀਪ ਸਿੰਘ ਗਿੱਲ, ਸਰਪੰਚ ਪਲਵਿੰਦਰ ਸਿੰਘ ਬੀਰਮੀ, ਸਕੱਤਰ ਜਗਦੇਵ ਸਿੰਘ ਬੀਰਮੀ, ਇੰਦਰਜੀਤ ਸਿੰਘ ਬੀਰਮੀ, ਭਗਵੰਤ ਸਿੰਘ ਇਟਲੀ, ਹਰਬੰਸ ਸਿੰਘ ਬੀਰਮੀ, ਹਰਭਜਨ ਸਿੰਘ ਬੀਰਮੀ, ਮਹਿਲਾ ਵਿੰਗ ਆਗੂ ਸਰਬਜੀਤ ਕੌਰ, ਲਖਵੀਰ ਕੌਰ, ਹਰਭਜਨ ਕੌਰ, ਬਾਬਾ ਬਲਦੇਵ ਸਿੰਘ ਗਰੇਵਾਲ, ਜਤਿੰਦਰ ਸਿੰਘ ਮਲਕਪੁਰ, ਸੈਕਟਰੀ ਬਲਵੰਤ ਸਿੰਘ ਗੋਰਾ, ਬੰਤ ਸਿੰਘ ਨੂਰਪੁਰ, ਬਲਵੀਰ ਸਿੰਘ ਗਿੱਲ ਫਾਗਲਾ, ਡਾਇ: ਕੁਲਦੀਪ ਸਿੰਘ ਫਾਗਲਾ, ਇੰਦਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਰਣਬੀਰ ਸਿੰਘ ਸਰਪੰਚ ਰੁੜਕਾ, ਸੰਤੋਖ ਸਿੰਘ ਖ਼ਾਲਸਾ, ਸੂਰਜ ਸਿੰਘ ਭਰੋਵਾਲ, ਆਗੂ ਅਮਰਜੀਤ ਸਿੰਘ ਬਾਸੀਆਂ, ਕੇਵਲ ਸਿੰਘ ਈਸੇਵਾਲ ਸਮੇਤ ਹੋਰ ਕਿਸਾਨ ਵੱਡੀ ਗਿਣਤੀ 'ਚ ਮੌਜੂਦ ਸਨ |

ਪਿਛਲੀ ਖ਼ਬਰ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਅਮਰਜੀਤ ਸਿੰਘ ਲੱਖੋਵਾਲ ਪੰਜਾਬ ਦਾ ਜਥੇਬੰਦਕ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਆਰੀਆ ਕੰਨਿਆ ਸਕੂਲ 'ਚ ਗੁਰੂ-ਪੂਰਨਿਮਾ ਸੰਬੰਧੀ ਪੋ੍ਰਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।