ਪੱਟੀ, 2 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਕੇਂਦਰ ਸਰਕਾਰ ਵਲੋਂ ਕਾਰਪੋਰੇਟ ਦੇ ਹਿੱਤ ਵਿਚ ਦੇਸ਼ ਦੇ ਖੇਤੀ ਖੇਤਰ ਅਤੇ ਮਿਹਨਤਕਸ਼ ਲੋਕਾਂ ਵਿਰੁੱਧ ਕੀਤੇ ਜਾ ਰਹੇ ਨਿੱਤ ਨਵੇਂ ਹਮਲਿਆਂ ਦੀ ਕੜੀ ਵਜੋਂ ਬਿਜਲੀ ਸੋਧ ਬਿੱਲ 2025 ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਪੇਸ਼ ਕਰਨ ਲਈ ਕੀਤੀ ਜਾ ਰਹੀ ਵਿਉਂਤਬੰਦੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਪੰਜਾਬ ਵਲੋਂ ਅੱਜ ਪੰਜਾਬ ਵਿਚ ਬਿਜਲੀ ਮਹਿਕਮੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਉਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ, ਕਿਉਂਕਿ ਕੇਂਦਰ ਸਰਕਾਰ ਵਲੋਂ ਸੂਬਿਆਂ ਤੋਂ 8 ਨਵੰਬਰ ਤੱਕ ਸੁਝਾਅ ਮੰਗੇ ਸਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੂੰ ਇਹ ਉਮੀਦਾਂ ਸਨ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਸੈਸ਼ਨ ਵਿਚ ਪੰਜਾਬ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਦਾ ਮਤਾ ਪਾ ਕੇ ਰੱਦ ਕੀਤਾ ਜਾਵੇਗਾ, ਪਰ ਇੱਥੇ ਵੀ ਪੰਜਾਬ ਸਰਕਾਰ ਚੁੱਪ ਅਤੇ ਸਿੱਧੇ ਰੂਪ ਦੇ ਵਿਚ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ | ਸਿਰਫ ਤੇ ਸਿਰਫ ਇਕ ਦੂਸਰੇ ਵਿਰੁੱਧ ਬਿਆਨਬਾਜ਼ੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ | ਜਦਕਿ ਪੰਜਾਬ ਵਿਚ ਬਿਜਲੀ ਮਹਿਕਮੇ ਦੀਆਂ ਜ਼ਮੀਨਾਂ ਵੇਚ ਕੇ ਪੰਜਾਬ ਸਰਕਾਰ ਆਪਣੇ ਮਨਸੂਬੇ ਅਤੇ ਉਨ੍ਹਾਂ ਪੈਸਿਆਂ ਦੀ ਨਾਜਾਇਜ਼ ਵਰਤੋਂ ਕਰਕੇ ਆਪਣੀ ਵਾਹ-ਵਾਹ ਕਰਾਉਣ ਲਈ ਕੰਮ ਕਰ ਰਹੀ ਹੈ ਅਤੇ ਪ੍ਰੀ ਪੇਡ ਬਿਜਲੀ ਮੀਟਰ ਸਰਕਾਰ ਬੰਦ ਕਰੇ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਇਸ ਦਾ ਸਖ਼ਤ ਤੋਂ ਸਖ਼ਤ ਵਿਰੋਧ ਕਰੇਗਾ |