ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ)-ਅਕਸਰ ਸੁਰਖੀਆਂ ਵਿਚ ਬਣੀ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ | ਜੇਲ੍ਹ ਦੀ ਚੈਕਿੰਗ ਦੌਰਾਨ ਜੇਲ੍ਹ ਕਰਮਚਾਰੀਆਂ ਨੂੰ ਵੱਡੀ ਗਿਣਤੀ ਵਿਚ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਹੈ | ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਇਸ ਮਾਮਲੇ ਵਿਚ 6 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਲਿਖਤੀ ਸ਼ਿਕਾਇਤ ਕੀਤੀ ਕਿ 11 ਨਵੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਸ਼ੁਭਮ ਅਰੋੜਾ ਪੁੱਤਰ ਸ਼ਾਮ ਲਾਲਾ ਵਾਸੀ ਫਤਹਿ ਸਿੰਘ ਕਾਲੋਨੀ ਅੰਮਿ੍ਤਸਰ ਪਾਸੋਂ ਇਕ ਕੀਪੈਡ ਫੋਨ ਸਮੇਤ 1 ਸਿੰਮ, 3 ਤੰਬਾਕੂ ਪੁੜੀਆਂ ਬਰਾਮਦ ਹੋਈਆਂ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 9 ਨਵੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਸੋਹਮ ਉਰਫ ਨਿੱਕੂ ਪੁੱਤਰ ਰਾਮਦੇਵ ਵਾਸੀ ਮਹਿੰਦਰਾ ਕਾਲੋਨੀ ਅੰਮਿ੍ਤਸਰ ਪਾਸੋਂ 1 ਟੱਚ ਮੋਬਾਈਲ ਫੋਨ ਸਮੇਤ ਤਿੰਨ ਕੀਪੈਡ ਮੋਬਾਈਲ ਫੋਨ ਬਰਾਮਦ ਹੋਏ ਹਨ | ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ 17 ਨਵੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਰਾਜਵੀਰ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਖਾਈ ਮੁਹੱਲਾ ਅੰਮਿ੍ਤਸਰ ਪਾਸੋਂ 2 ਕੀਪੈਡ ਮੋਬਾਈਲ ਫੋਨ, 3 ਟੱਚ ਮੋਬਾਈਲ ਫੋਨ ਸਮੇਤ 2 ਚਾਰਜਰ ਬਰਾਮਦ ਹੋਏ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਪੁਲਿਸ ਨੂੰ ਕੀਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ 6 ਨਵੰਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਲਵਪ੍ਰੀਤ ਸਿੰਘ ੁਪੱਤਰ ਸੁਖਵੰਤ ਸਿੰਘ ਵਾਸੀ ਮੁਹੱਲਾ ਗੁਰੂ ਕਾ ਖੂਹ ਤਰਨ ਤਾਰਨ ਪਾਸੋਂ 1 ਕੀਪੈਡ ਮੋਬਾਈਲ ਫੋਨ, 2 ਚਾਰਜਰ ਬਰਾਮਦ ਹੋਏ ਹਨ | ਇਸ ਤੋਂ ਇਲਾਵਾ ਜੇਲ੍ਹ ਦੇ ਹੋਰਨਾਂ ਥਾਵਾਂ ਤੋਂ 2 ਟੱਚ ਫੋਨ, 6 ਕੀਪੈਡ ਮੋਬਾਈਲ ਫੋਨ, ਤਿੰਨ ਸਿੰਮ, 6 ਚਾਰਜਰ, 2 ਏਅਰਫੋਨ, 1 ਹੈਡਫੋਨ, 7 ਤੰਬਾਕੂ, 3 ਬੀੜੀ ਬੰਡਲ ਲਵਾਰਿਸ ਹਾਲਤ ਵਿਚ ਮਿਲੇ ਹਨ | ਥਾਣਾ ਗੋਇੰਦਵਾਲ ਦੀ ਪੁਲਿਸ ਨੇ ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ |