ਫਤਿਆਬਾਦ, 20 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਕਮਿਊਨਿਸਟ ਬਲਾਕ ਖਡੂਰ ਸਾਹਿਬ ਦਾ ਡੈਲੀਗੇਟ ਇਜਲਾਸ ਕਾਮਰੇਡ ਦਰਸ਼ਨ ਸਿੰਘ ਬਿਹਾਰੀਪੁਰ ਦੀ ਅਗਵਾਈ ਹੇਠ ਬਲਜੀਤ ਸਿੰਘ ਕਾਮਰੇਡ ਦੇ ਗ੍ਰਹਿ ਵਿਖੇ ਹੋਇਆ | ਜਿਸ ਵਿਚ ਪਾਰਟੀ ਦਾ ਝੰਡਾ ਲਹਿਰਾਉਣ ਤੋੋਂ ਬਾਅਦ ਕਾਮਰੇਡ ਬਲਜੀਤ ਸਿੰਘ ਫਤਿਆਬਾਦ, ਕਾਮਰੇਡ ਜਸਵੰਤ ਸਿੰਘ ਖਡੂਰ ਸਾਹਿਬ, ਕਾਮਰੇਡ ਚਰਨ ਸਿੰਘ ਜਲਾਲਾਬਾਦ ਅਧਾਰਿਤ ਪ੍ਰਧਾਨਗੀ ਹੇਠ ਸ਼ੁਰੂ ਹੋਇਆ | ਇਸ ਮੌਕੇ ਸ਼ੋਕ ਮਤੇ ਰਾਹੀਂ ਪਿਛਲੇ ਸਮੇਂ ਵਿੱਛੜ ਚੁੱਕੇ ਸਾਥੀਆਂ ਨੂੰ 2 ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਜਲਾਸ ਦਾ ਉਦਘਾਟਨ ਅਬਜ਼ਰਵਰ ਦੇ ਤੌਰ 'ਤੇ ਪਹੁੰਚੇ ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮਘਾ ਨੇ ਕਰਦਿਆਂ ਕਿਹਾ ਕਿ ਫਿਰਕੂ ਪਾਰਟੀ ਆਰ.ਐੱਸ.ਐੱਸ. ਦੇ ਇਸ਼ਾਰਿਆਂ 'ਤੇ ਫਿਰਕੂ ਜ਼ਹਿਰ ਘੋਲ ਕੇ ਹਿੰਦੂ ਰਾਸ਼ਟਰ ਬਣਾਉਣ ਦਾ ਢੰਡੋਰਾ ਪਿਟ ਰਹੀ ਹੈ ਅਤੇ ਘੱਟ ਗਿਣਤੀਆਂ ਉਪਰ ਨਾਜਾਇਜ਼ ਹਮਲੇ ਹੋ ਰਹੇ ਹਨ | ਇਸ ਮੌਕੇ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਬਲਾਕ ਖਡੂਰ ਸਾਹਿਬ ਦੇ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਪੇਸ਼ ਕੀਤੀ | ਕੁਝ ਡੈਲੀਗੇਟਾਂ ਨੇ ਰਿਪੋਰਟ 'ਤੇ ਬਹਿਸ ਵਿਚ ਹਿੱਸਾ ਲਿਆ ਅਤੇ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ ਗਈ | ਇਸ ਮੌਕੇ 23 ਮੈਂਬਰੀ ਨਵੀਂ ਬਲਾਕ ਕਮੇਟੀ ਦੀ ਕਾਮਰੇਡ ਗੁਰਦਿਆਲ ਸਿੰਘ ਨੇ ਤਜਵੀਜ਼ ਪੇਸ਼ ਕੀਤੀ, ਜਿਸ ਨੂੰ ਡੈਲੀਗੇਟਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ | ਇਸ ਮੌਕੇ ਪ੍ਰਵਾਨ ਕੀਤੀ ਨਵੀਂ ਬਲਾਕ ਕਮੇਟੀ ਵਿਚ ਕਾਮਰੇਡ ਬਲਜੀਤ ਸਿੰਘ ਫਤਿਆਬਾਦ ਨੂੰ ਬਲਾਕ ਦਾ ਸਕੱਤਰ ਸਰਬ ਸੰਮਤੀ ਨਾਲ ਚੁਣਿਆ ਗਿਆ ਅਤੇ ਦੋ ਮੀਤ ਸਕੱਤਰ ਜਿਨ੍ਹਾਂ 'ਚ ਮੇਜਰ ਸਿੰਘ ਦਾਰਾਪੁਰ ਤੇ ਜਗਤਾਰ ਸਿੰਘ ਖਡੂਰ ਸਾਹਿਬ ਨੂੰ ਸਰਬ ਸੰਮਤੀ ਚੁਣ ਲਿਆ ਗਿਆ | ਬਲਦੇਵ ਸਿੰਘ ਧੂੰਦਾ ਖਜਾਨਚੀ ਚੁਣਿਆ ਗਿਆ | ਇਸ ਮੌਕੇ ਡੈਲੀਗੇਟਾਂ ਨੇ ਜ਼ਿਲ੍ਹੇ ਦੀ ਕਾਨਫਰੰਸ ਲਈ 18 ਡੈਲੀਗੇਟ ਵੀ ਸਰਬ ਸੰਮਤੀ ਮੈਂਬਰ ਨਾਲ ਚੁਣੇ ਗਏ | ਇਸ ਮੌਕੇ ਕਾਮਰੇਡ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਨਵੀਂ ਚੁਣੀ ਗਈ ਬਲਾਕ ਕਮੇਟੀ ਅਵਾਮੀ ਜਥੇਬੰਦੀਆਂ ਨੂੰ ਮਜ਼ਬੂਤ ਕਰਕੇ ਲੋਕ ਘੋਲਾਂ ਲਈ ਸੰਘਰਸ਼ ਤੇਜ਼ ਕਰਨਾ ਹੋਵੇਗਾ | ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਕੁਮਾਰ ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਨਤਕ ਜਾਇਦਾਦਾਂ ਕੌਡੀਆਂ ਭਾਅ ਵੇਚਣ ਦੀ ਨਿਖੇਧੀ ਕੀਤੀ | ਅਖੀਰ ਵਿਚ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਨੂੰ ਨਵੀਂ ਬਲਾਕ ਕਮੇਟੀ ਵਲੋੋਂ ਸਨਮਾਨਿਤ ਕੀਤਾ ਗਿਆ |