ਨਵੀਂ ਦਿੱਲੀ, 9 ਅਕਤੂਬਰ (ਪੀ. ਟੀ. ਆਈ.)-ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੋਂ ‘ਕਾਲਾ ਹਿਰਨ: ਦ ਬੈਟਲ ਫਾਰ ਲੀਗਲ’ ਦੇ ਨਿਰਮਾਤਾਵਾਂ ਵਲੋਂ ਦਾਇਰ ਪਟੀਸ਼ਨ ‘ਤੇ ਜਵਾਬ ਮੰਗਿਆ ਹੈ। ਇਸ ਪਟੀਸ਼ਨ ਵਿਚ ਅਦਾਲਤ ਤੋਂ ਸਲਮਾਨ ਖ਼ਾਨ ਦੇ ਉਸ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ, ਜਿਸ ’ਚ ਉਸ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜੋ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਆਧਾਰਿਤ ਹੈ। ਜਸਟਿਸ ਤੇਜਸ ਕਾਰੀਆ ਨੇ ਨਿਰਮਾਤਾ ਅਮਿਤ ਜਾਨੀ ਦੀ ਪਟੀਸ਼ਨ ‘ਤੇ ਬਾਲੀਵੁੱਡ ਅਦਾਕਾਰ ਨੂੰ ਨੋਟਿਸ ਜਾਰੀ ਕੀਤਾ।
ਇਸ ਪਟੀਸ਼ਨ ਵਿਚ ਮੁਕੱਦਮੇ ਦੀ ਅਗਲੇਰੀ ਕਾਰਵਾਈ ‘ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ।ਸਲਮਾਨ ਖ਼ਾਨ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ। ਮਾਮਲੇ ਦੀ ਸੁਣਵਾਈ 16 ਦਸੰਬਰ ਲਈ ਤੈਅ ਕੀਤੀ ਗਈ ਹੈ।ਆਪਣੀ ਪਟੀਸ਼ਨ ਵਿਚ ਨਿਰਮਾਤਾ ਜਾਨੀ ਨੇ ਕਿਹਾ ਕਿ ਨਾ ਤਾਂ ਸ਼ਿਕਾਇਤਕਰਤਾ ਅਤੇ ਨਾ ਹੀ ਕੋਈ ਬਚਾਅ ਪੱਖ ਦਿੱਲੀ ਹਾਈ ਕੋਰਟ ਦੇ ਅਧਿਕਾਰ ਖੇਤਰ ਦੇ ਅੰਦਰ ਰਹਿੰਦਾ ਹੈ ਜਾਂ ਕਾਰੋਬਾਰ ਕਰਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਰਾਸ਼ਟਰੀ ਰਾਜਧਾਨੀ ਵਿਚ ਫਿਲਮ ਦੇ ਟੀਜ਼ਰ, ਪੋਸਟਰ ਅਤੇ ਸੰਬੰਧਿਤ ਪ੍ਰਕਾਸ਼ਨਾਂ ਦੀ ਸਿਰਫ਼ ਉਪਲਬਧਤਾ ਦਿੱਲੀ ਹਾਈ ਕੋਰਟ ਨੂੰ ਅਧਿਕਾਰ ਖੇਤਰ ਪ੍ਰਦਾਨ ਨਹੀਂ ਕਰ ਸਕਦੀ।
ਨਿਰਮਾਤਾ ਨੇ ਕਿਹਾ ਕਿ ਖ਼ਾਨ ਮੁੰਬਈ ਵਿਚ ਰਹਿੰਦੇ ਹੈ ਅਤੇ ਉਹ (ਬਚਾਅ ਪੱਖ) ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਰਹਿੰਦੇ ਹਨ ਜਾਂ ਕਾਰੋਬਾਰ ਕਰਦੇ ਹਨ। ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਨੂੰ ਰੋਕਣ ਲਈ ਸਲਮਾਨ ਖ਼ਾਨ ਵਲੋਂ ਮੰਗੀ ਗਈ ਰਾਹਤ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੁਕੰਮਲ ਹੋ ਚੁੱਕੀ ਫਿਲਮ ਵਿਰੁੱਧ ਰੋਕ ਦਾ ਹੁਕਮ ਇਕ ਅਸਧਾਰਨ ਉਪਾਅ ਹੈ ਅਤੇ ਇਕ ਛੋਟਾ ਟੀਜ਼ਰ ਫਿਲਮ ਦੇ ਸੰਦਰਭ ਅਤੇ ਸਮੁੱਚੇ ਪ੍ਰਭਾਵ ਦਾ ਪੂਰਾ ਮੁਲਾਂਕਣ ਪ੍ਰਦਾਨ ਨਹੀਂ ਕਰ ਸਕਦਾ।