ਹੈਦਰਾਬਾਦ, 9 ਅਕਤੂਬਰ (ਏਜੰਸੀ)-ਤਜ਼ਰਬੇਕਾਰ ਗੋਲਫਰ ਗਗਨਜੀਤ ਸਿੰਘ ਭੁੱਲਰ ਨੇ ਇਥੇ ਪੰਜ ਅੰਡਰ ਪਾਰ 65 ਦਾ ਸ਼ਾਨਦਾਰ ਕਾਰਡ ਖੇਡ ਕੇ ਹੈਦਰਾਬਾਦ ’ਚ ਆਪਣਾ 5ਵਾਂ ਏ.ਐਮ. ਗ੍ਰੀਨ ਆਈ.ਜੀ.ਪੀ.ਐਲ. ਖ਼ਿਤਾਬ ਜਿੱਤਿਆ। ਭੁੱਲਰ ਨੇ ਆਪਣੇ ਦੌਰ ਦੀ ਸ਼ੁਰੂਆਤ ਬੋਗੀ ਨਾਲ ਕੀਤੀ ਅਤੇ ਅੰਤ ਵੀ ਬੋਗੀ ਤੋਂ ਕੀਤਾ।
ਹਾਲਾਂਕਿ, ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਿਮ ਦੌਰ ’ਚ 7 ਬਰਡੀ ਲਗਾਈ। ਇਸ ਤਰ੍ਹਾਂ ਉਸ ਨੇ ਟੂਰਨਾਮੈਂਟ ਦੀ ਸਮਾਪਤੀ ਕੁੱਲ 14 ਅੰਡਰ ਪਾਰ 196 ਦੇ ਸਕੋਰ ਨਾਲ ਕੀਤੀ। ਉਸ ਨੇ ਆਪਣੇ ਨੇੜਲੇ ਵਿਰੋਧੀ ਕਰਨਦੀਪ ਕੋਛੜ ਨੂੰ ਤਿੰਨ ਸ਼ਾਟ ਨਾਲ ਪਿੱਛੇ ਛੱਡ ਕੇ ਖ਼ਿਤਾਬ ਆਪਣੇ ਨਾਂਅ ਕੀਤਾ। ਕੋਛੜ ਨੇ 6 ਅੰਡਰ ਪਾਰ 64 ਦਾ ਕਾਰਡ ਖੇਡਿਆ ਅਤੇ ਉਸ ਦਾ ਕੁੱਲ ਸਕੋਰ 11 ਅੰਡਰ ਪਾਰ ਰਿਹਾ।
ਸੀ. ਮੁਨੀਅੱਪਾ ਨੇ ਵੀ 66 ਦਾ ਕਾਰਡ ਖੇਡ ਕੇ ਕੁੱਲ 11 ਅੰਡਰ ਪਾਰ ਦਾ ਸਕੋਰ ਬਣਾਇਆ। ਭੁੱਲਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਨਈ ਲਾਈਨਜ਼ ਜੀ.ਸੀ. ਨੇ ਵੀ ਟੀਮ ਖ਼ਿਤਾਬ ਆਪਣੇ ਨਾਂਅ ਕੀਤਾ। ਟੀਮ ਨੇ ਕੁੱਲ 26 ਅੰਡਰ ਪਾਰ ਦਾ ਸਕੋਰ ਬਣਾਇਆ ਅਤੇ 24 ਅੰਡਰ ਪਾਰ ਨਾਲ ਦੂਜੇ ਸਥਾਨ ’ਤੇ ਰਹੀ ਵਿਜ਼ਾਗ ਡਾਲਫਿਨਸ ਤੋਂ 2 ਸ਼ਾੱਟ ਦੀ ਬੜਤ ਹਾਸਲ ਕੀਤੀ।