ਖਾਲੜਾ, 6 ਨਵੰਬਰ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਦੀ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ 302 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦੀ ਖਬਰ ਹੈ, ਜਿਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ | ਡੀ.ਐਸ.ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਆਈ.ਪੀ.ਐਸ. ਡਾ. ਰਵਜੋਤ ਕੌਰ ਗਰੇਵਾਲ ਦੀਆਂ ਵਿਸ਼ੇਸ਼ ਹਦਾਇਤਾਂ ਮੁਤਾਬਿਕ ਨਸ਼ੇ ਦੇ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਖਾਲੜਾ ਦੇ ਐਸ.ਐਚ.ਓ. ਬਲਜਿੰਦਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਸਾਹਿਬ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਜਦੋਂ ਸਰਹੱਦੀ ਪਿੰਡ ਥੇਹਕੱਲਾ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਤਿੰਨ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਦੌੜਨ ਲੱਗੇ ਤੇ ਆਪਣੇ ਆਪਣੀਆਂ ਜੇਬਾਂ ਵਿਚੋਂ ਕੋਈ ਵਜ਼ਨਦਾਰ ਵਸਤੂਆਂ ਸੁੱਟ ਕੇ ਦੌੜ ਪਏ, ਜਿਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਜਦੋਂ ਉਨ੍ਹਾਂ ਦਾ ਨਾਂਅ ਪਤਾ ਪੁੱਛਿਆ ਤਾਂ ਪਹਿਲੇ ਨੇ ਆਪਣਾ ਨਾਂਅ ਸੁਖਮਨ ਸਿੰਘ ਉਰਫ ਪਾਰਸ ਪੁੱਤਰ ਸੁਖਦੇਵ ਸਿੰਘ ਵਾਸੀ ਮੁਗਲ ਚੱਕ, ਦੂਸਰੇ ਨੇ ਗੁਰਜੀਤ ਸਿੰਘ ਉਰਫ ਭਾਊ ਪੁੱਤਰ ਜਸਪਾਲ ਸਿੰਘ ਵਾਸੀ ਖਾਲੜਾ ਅਤੇ ਤੀਸਰੇ ਨੇ ਸੈਅਮ ਸਿੰਘ ਉਰਫ ਸੈਮ ਪੁੱਤਰ ਗੁਰਪਾਲ ਸਿੰਘ ਵਾਸੀ ਖਾਲੜਾ ਦੱਸਿਆ, ਜੋ ਤਿੰਨਾਂ ਨੇ ਸੁੱਟੀਆਂ ਹੋਈਆਂ ਵਜ਼ਨਦਾਰ ਵਸਤੂਆਂ ਚੁੱਕ ਕੇ ਪੇਸ਼ ਕੀਤੀਆਂ ਜੋ ਖੋਲ੍ਹ ਕੇ ਚੈੱਕ ਕਰਨ 'ਤੇ ਨਾਰਕੋਟਿਕ ਟੈਸਟ ਕਿੱਟ ਨਾਲ ਚੈੱਕ ਕਰਨ 'ਤੇ ਹੈਰੋਇਨ ਸਿੱਧ ਹੋਈ, ਜੋ ਸੁਖਮਨ ਸਿੰਘ ਪਾਸੋਂ 200 ਗ੍ਰਾਮ, ਗੁਰਜੀਤ ਸਿੰਘ ਪਾਸੋਂ 52 ਗ੍ਰਾਮ ਅਤੇ ਸੈਅਮ ਸਿੰਘ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਜਿਨ੍ਹਾਂ ਵਿਰੁੱਧ ਥਾਣਾ ਖਾਲੜਾ ਵਲੋਂ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ |
ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ- ਮੁਕੱਦਮਾ ਦਰਜ <br/>
ਅਜੀਤ ਡੈਸਕ
07-11-2025