ਤਰਨ ਤਾਰਨ, 5 ਨਵੰਬਰ (ਇਕਬਾਲ ਸਿੰਘ ਸੋਢੀ)-ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 1984 ਸਿੱਖ ਦੰਗਾ ਪੀੜਤ ਹਰੇਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਸ਼ਲਾਘਾਯੋਗ ਫੈਸਲਾ ਹੈ ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੰਜਾਬ ਵਿਚ ਰਹਿੰਦੇ ਹਰੇਕ ਦੰਗਾ ਪੀੜਤ (ਲਾਲ ਕਾਰਡਧਾਰਕ) ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ | ਇਹ ਸ਼ਬਦ 1984 ਸਿੱਖ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਮੱਲ੍ਹੀ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦੰਗਿਆਂ ਦੌਰਾਨ ਜਿਥੇ ਵੱਡੀ ਪੱਧਰ 'ਤੇ ਸਿੱਖਾਂ ਦਾ ਕਤਲੇਆਮ ਹੋਇਆ, ਉਥੇ ਵੱਡੀ ਗਿਣਤੀ ਵਿਚ ਪਰਿਵਾਰ ਆਪਣੀਆਂ ਜਾਨਾਂ ਬਚਾ ਕੇ ਘਰ ਬਾਹਰ ਲੁਟਾ ਕੇ ਉਜੜ ਕੇ ਪੰਜਾਬ ਆ ਗਏ ਸਨ ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਵਿਚ ਵੀ ਦੰਗਾ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ ਹੁਣ ਹਰਿਆਣਾ ਸਰਕਾਰ ਨੇ ਦੰਗਾ ਪੀੜਤ ਪਰਿਵਾਰਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ, ਜਿਸ ਦਾ ਦੰਗਾ ਪੀੜਤ ਸਵਾਗਤ ਕਰਦੇ ਹਨ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਪੰਜਾਬ ਸਮੇਤ ਜ਼ਿਲ੍ਹਾ ਤਰਨ ਤਾਰਨ ਵਿਚ ਰਹਿ ਰਹੇ ਹਰੇਕ ਦੰਗਾ ਪੀੜਤ ਪਰਿਵਾਰਾਂ ਦੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ | ਇਸ ਮੌਕੇ ਮੀਤ ਪ੍ਰਧਾਨ ਧੀਰਾ ਸਿੰਘ, ਸਰਪ੍ਰਸਤ ਉਤਮ ਸਿੰਘ, ਚੇਅਰਮੈਨ ਰਤਨ ਸਿੰਘ, ਪ੍ਰੈੱਸ ਸਕੱਤਰ ਅਰਜਨ ਸਿੰਘ ਠਰੂ, ਮੈਂਬਰ ਕਰਮ ਸਿੰਘ, ਮੈਂਬਰ ਅਮਰਜੀਤ ਸਿੰਘ ਬੰਟੀ, ਮੈਂਬਰ ਕਰਮ ਸਿੰਘ, ਕਰਤਾਰ ਸਿੰਘ, ਭਗਵਾਨ ਸਿੰਘ, ਜੋਧਾ ਸਿੰਘ, ਹਰਦੇਵ ਸਿੰਘ, ਖਚਾਨਜੀ ਉਪਿੰਦਰ ਕੌਰ ਅਤੇ ਹੋਰ ਵੀ ਮੌਜੂਦ ਸਨ |