ਤਰਨ ਤਾਰਨ, 5 ਨਵੰਬਰ (ਹਰਿੰਦਰ ਸਿੰਘ)- ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਜੋ ਕਿ ਚੀਫ ਖਾਲਸਾ ਦੀਵਾਨ ਦੇ ਸਹਿਯੋਗ ਨਾਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਦਾ ਆਗਾਜ਼ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਰੌਸ਼ਨੀ ਪਾਉਂਦੇ ਹੋਏ ਮੈਡਮ ਪਰਵੀਨ ਕੌਰ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਦੱਸਿਆ | ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਬੱਚਿਆਂ ਵਲੋਂ ਸ਼ਬਦ ਕੀਰਤਨ ਵੀ ਕੀਤਾ ਗਿਆ | ਬੱਚਿਆਂ ਨੂੰ ਗੁਰੂ ਜੀ ਦੇ ਸਿਧਾਂਤਾਂ ਨਾਲ ਜੋੜਨ ਲਈ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਧਾਰਮਿਕ ਅਧਿਆਪਕ ਹਰਪ੍ਰੀਤ ਕੌਰ ਵਲੋਂ ਬੱਚਿਆਂ ਨੂੰ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ, ਜਿਸ ਵਿਚ ਬਾਬਾ ਅਜੀਤ ਸਿੰਘ ਜੀ ਹਾਊਸ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਉਪਦੇਸ਼ਾਂ ਅਤੇ ਚਾਰ ਉਦਾਸੀਆਂ ਕਰਨ ਦੇ ਪਿੱਛੇ ਮੁੱਖ ਸਿਧਾਂਤਾਂ ਨੂੰ ਸਾਂਝਾ ਕੀਤਾ | ਸਕੂਲ ਮੈਂਬਰਜ਼ ਇੰਚਾਰਜ ਗੁਰਿੰਦਰ ਸਿੰਘ ਲੋਹੇ ਵਾਲੇ ਅਤੇ ਸਤਵਿੰਦਰ ਸਿੰਘ ਨੇ ਵੀ ਆਪਣੀ ਹਾਜ਼ਰੀ ਭਰੀ |