ਤਰਨ ਤਾਰਨ, 5 ਨਵੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਕੰਧ 'ਤੇ ਲਿਖੀ ਨਜ਼ਰ ਆ ਗਈ ਹੈ ਤੇ ਉਹ ਬੌਖਲਾਹਟ ਵਿਚ ਆ ਕੇ ਅਕਾਲੀ ਦਲ ਦੇ ਉਮੀਦਵਾਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਸਪੁੱਤਰੀ ਕੰਚਨਪ੍ਰੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਰੇਕੀ ਕਰਨ ਲੱਗ ਪਈ ਹੈ | ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਦੋ ਦਿਨਾਂ ਤੋਂ ਇਕ ਕਾਰ ਲਗਾਤਾਰ ਕੰਚਨਪ੍ਰੀਤ ਕੌਰ ਦੇ ਕਾਫਲੇ ਦਾ ਪਿੱਛਾ ਕਰ ਰਹੀ ਸੀ | ਅੱਜ ਜਦੋਂ ਅਕਾਲੀ ਦਲ ਦੇ ਕਾਰਕੁੰਨਾਂ ਨੇ ਕਾਰ ਨੂੰ ਰੋਕਿਆ ਤਾਂ ਉਸ ਵਿਚੋਂ ਦੋ ਸਵਾਰ ਨਿਕਲੇ, ਜੋ ਆਪਣੇ ਆਪ ਨੂੰ ਪੁਲਿਸ ਦੇ ਮੁਲਾਜ਼ਮ ਦੱਸ ਰਹੇ ਸਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਵੇਖੀਏ ਕਿ ਕੰਚਨਪ੍ਰੀਤ ਕੌਰ ਕਿੱਥੇ-ਕਿੱਥੇ ਜਾਂਦੀ ਹੈ | ਇਹ ਪੁਲਿਸ ਮੁਲਾਜ਼ਮ ਕਦੇ ਤਾਂ ਆਖਦੇ ਹਨ ਕਿ ਉਨ੍ਹਾਂ ਦੀ ਡਿਊਟੀ ਐਸ.ਪੀ ਰਿਪੁਦਮਨ ਸਿੰਘ ਨੇ ਲਗਾਈ ਹੈ ਤੇ ਕਦੇ ਕਹਿੰਦੇ ਹਨ ਕਿ ਸੀ.ਆਈ.ਏ. ਇੰਚਾਰਜ ਪ੍ਰਭਦੀਪ ਸਿੰਘ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ | ਇਹ ਮੁਲਾਜ਼ਮ ਆਪਣੇ ਪਛਾਣ ਪੱਤਰ ਵੀ ਨਹੀਂ ਵਿਖਾ ਸਕੇ | ਇਸ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ 'ਆਪ' ਸਰਕਾਰ ਅਜਿਹੀਆਂ ਕੋਝੀਆਂ ਹਰਕਤਾਂ 'ਤੇ ਉਤਰ ਆਈ ਹੈ ਤੇ ਹੁਣ ਅਕਾਲੀ ਉਮੀਦਵਾਰ ਦੇ ਪਰਿਵਾਰਕ ਮੈਂਬਰਾਂ ਦੀ ਰੇਕੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਪਰਿਵਾਰਕ ਜੀਆਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਪਹੁੰਚਿਆ ਤਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ 'ਤੇ ਜਿੰਮੇਵਾਰ ਹੋਣਗੇ | ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਵੀ ਪੱਖਪਾਤੀ ਪੁਲਿਸ ਮੁਲਾਜ਼ਮਾਂ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਜਿਸ 'ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਦੋ ਡੀ.ਐਸ.ਪੀ. ਤੇ ਇਕ ਐਸ.ਐਚ.ਓ. ਦਾ ਤਬਾਦਲਾ ਕੀਤਾ ਤੇ ਹੁਣ ਵੀ ਪਾਰਟੀ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਸੌਂਪੇਗੀ | ਉਨ੍ਹਾਂ ਨੇ ਅਫਸਰਾਂ ਨੂੰ ਵੀ ਆਖਿਆ ਕਿ ਉਹ ਸੱਤਾ ਦੇ ਨਸ਼ੇ ਵਿਚ ਚੂਰ ਆਗੂਆਂ ਦੇ ਪਿਛਲੱਗ ਨਾ ਬਣਨ, ਕਿਉਂਕਿ 11 ਨਵੰਬਰ ਨੂੰ ਵੋਟਾਂ ਪੈਣ ਮਗਰੋਂ ਅਮਲਾਂ ਦੇ ਨਿਬੇੜੇ ਇੱਥੇ ਹੀ ਹੋਣੇ ਹਨ | ਉਨ੍ਹਾਂ ਕਿਹਾ ਕਿ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਫਸਰਾਂ ਨੂੰ ਆਪਣੀਆਂ ਕੀਤੀਆਂ ਦਾ ਹਿਸਾਬ ਦੇਣਾ ਪਵੇਗਾ |