ਚੋਹਲਾ ਸਾਹਿਬ, 5 ਨਵੰਬਰ (ਬਲਵਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵਲੋਂ ਪਿੰਡ ਕਰਮੂੰਵਾਲਾ ਅਤੇ ਪਿੰਡ ਘੜਕਾ ਦੇ ਹੜ੍ਹ ਪੀੜਤ ਕਿਸਾਨਾਂ ਲਈ ਵੱਡਾ ਰਾਹਤ ਕਾਰਜ ਆਰੰਭਿਆ ਗਿਆ ਹੈ | ਸੰਪਰਦਾਇ ਦੇ ਜਥੇਦਾਰ ਬਾਬਾ ਹਰੀ ਸਿੰਘ ਰੱਤੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਅਗਸਤ ਮਹੀਨੇ 'ਚ ਆਏ ਹੜ੍ਹਾਂ ਦੌਰਾਨ ਇਹਨਾਂ ਪਿੰਡਾਂ ਦੇ ਕਈ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਬਿਲਕੁਲ ਬਰਬਾਦ ਹੋ ਗਈਆਂ ਸਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ | ਪਿਛਲੇ ਦਿਨੀਂ ਪਿੰਡਾਂ ਵਿਚ ਵਿਚਰ ਕੇ ਮੋਹਤਬਰਾਂ ਦੇ ਸਹਿਯੋਗ ਨਾਲ ਜੋ ਅੰਕੜੇ ਇਕੱਠੇ ਕੀਤੇ ਗਏ ਹਨ, ਲਗਪਗ 450 ਏਕੜ ਜ਼ਮੀਨ ਹੈ, ਜਿਸ ਦੀ ਸਾਉਣੀ ਦੀ ਫ਼ਸਲ ਬਿਲਕੁਲ ਬਰਬਾਦ ਹੋ ਗਈ ਸੀ | ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੇ ਹੁਕਮਾਂ ਨਾਲ ਅੱਜ ਇੱਥੇ ਸੇਵਾ ਆਰੰਭ ਕੀਤੀ ਗਈ ਹੈ, ਜਿਸ ਵਿਚ ਪਿੰਡ ਕਰਮੂਵਾਲਾ ਅਤੇ ਪਿੰਡ ਘੜਕਾ ਦੇ ਮੰਡ ਖੇਤਰ ਦੀ ਲਗਪਗ 450 ਏਕੜ ਜ਼ਮੀਨ ਹੈ, ਜਿਸ ਵਿਚ ਰੇਤ ਭਰੀ ਹੋਈ ਹੈ | ਇਹ ਜ਼ਮੀਨ ਪੱਧਰੀ ਕਰਕੇ ਕਣਕ ਦੀ ਬਿਜਾਈ ਕਰਨ ਦੀ ਸੇਵਾ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਆਰੰਭ ਕੀਤੀ ਗਈ ਹੈ | ਸਰਹਾਲੀ ਸਾਹਿਬ ਤੋਂ ਅੱਜ 1000 ਲੀਟਰ ਡੀਜ਼ਲ ਪਹੁੰਚ ਚੁੱਕਾ ਹੈ, ਤਾਂ ਜੋ ਸੇਵਾ ਵਿਚ ਖੜੋਤ ਨਾ ਆਵੇ | ਉਨ੍ਹਾਂ ਦੱਸਿਆ ਕਿ ਇਹ ਸੇਵਾਵਾਂ ਉਨ੍ਹਾਂ ਚਿਰ ਜਾਰੀ ਰਹਿਣਗੀਆਂ, ਜਿੰਨਾ ਚਿਰ ਹੜ੍ਹ ਪੀੜਤ ਕਿਸਾਨਾਂ ਦੀ ਅਗਲੀ ਫਸਲ ਬੀਜੀ ਨਹੀਂ ਜਾਂਦੀ |