ਹਰੀਕੇ ਪੱਤਣ, 31 ਅਗਸਤ (ਸੰਜੀਵ ਕੁੰਦਰਾ)-ਬਾਰਿਸ਼ ਇਸ ਵਾਰ ਆਫ਼ਤ ਬਣ ਕੇ ਆਈ ਹੈ, ਜਿਸ ਕਾਰਨ ਪੰਜਾਬ ਅਤੇ ਹੋਰ ਸੂਬਿਆਂ ਵਿਚ ਵੱਡੀ ਬਰਬਾਦੀ ਹੋਈ ਹੈ | ਬੀਤੇ ਕੱਲ੍ਹ ਤੋਂ ਸ਼ੁਰੂ ਹੋਈਆਂ ਬਾਰਿਸ਼ਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਹੋਰ ਮੁਸ਼ੀਬਤਾਂ ਪੈਦਾ ਕਰ ਰਹੀਆਂ ਹਨ | ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਪਿਛਲੇ 27 ਦਿਨਾਂ ਤੋਂ ਵਧਿਆ ਹੋਇਆ ਹੈ | ਬੀਤੇ ਕੱਲ੍ਹ ਥੋੜ੍ਹੀ ਰਾਹਤ ਭਰੀ ਖ਼ਬਰ ਸੀ ਪਾਣੀ ਕੁਝ ਘੱਟਣਾ ਸ਼ੁਰੂ ਹੋ ਗਿਆ ਸੀ ਪਰ ਫਿਰ ਸ਼ੁਰੂ ਹੋਈ ਬਾਰਿਸ਼ ਕਾਰਨ ਅੱਜ ਪਾਣੀ ਦਾ ਪੱਧਰ ਫਿਰ ਵੱਧ ਗਿਆ | ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ 5 ਵਜੇ ਹੈਡ ਵਰਕਸ ਦੇ ਅੱਪ ਸਟਰੀਮ ਵਿਚ 2 ਲੱਖ 74 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਹੈ | ਜਿਸ ਵਿਚੋੋਂ ਡਾਊਨ ਸਟਰੀਮ ਨੂੰ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ | ਜਦ ਕਿ 14 ਹਜ਼ਾਰ ਕਿਊਸਿਕ ਪਾਣੀ ਫਿਰੋਜ਼ਪੁਰ ਫੀਡਰ ਨਹਿਰ ਅਤੇ ਰਾਜਸਥਾਨ ਫੀਡਰ ਨਹਿਰ ਨੂੰ ਛੱਡਿਆ ਜਾ ਰਿਹਾ ਹੈ | ਹੋਰ ਜਾਣਕਾਰੀ ਅਨੁਸਾਰ ਹਰੀਕੇ ਹੈੱਡ ਵਰਕਸ ਵਿੱਚ ਬਿਆਸ ਦਰਿਆ ਦੇ ਰਸਤੇ 1 ਲੱਖ 4 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਜਦਕਿ ਸਤਲੁਜ ਦਰਿਆ ਦੇ ਰਸਤੇ 49 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਹੈ | ਜਦਕਿ ਬਾਕੀ ਪਾਣੀ ਪੰਜਾਬ ਵਿਚ ਹੋ ਰਹੀਆਂ ਬਾਰਿਸ਼ਾਂ ਦਾ ਵੱਖ-ਵੱਖ ਨਦੀਆਂ ਨਾਲਿਆਂ ਰਾਹੀਂ ਹਰੀਕੇ ਹੈੱਡ ਵਰਕਸ ਵਿਚ ਪੁੱਜ ਰਿਹਾ ਹੈ |
ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਉਫਾਨ 'ਤੇ <br/>
ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡਿਆ ਪਾਣੀ | ਤਸਵੀਰ:ਕੁੰਦਰਾ<br/>
01-09-2025