ਤਰਨ ਤਾਰਨ, 31 ਅਗਸਤ (ਹਰਿੰਦਰ ਸਿੰਘ)- ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਚੌਧਰੀਵਾਲਾ ਨੌਸ਼ਹਿਰਾ ਪੰਨੂੰਆਂ ਵਿਖੇ ਇਕ ਵਿਅਕਤੀ ਨੂੰ ਝਗੜੇ ਦੌਰਾਨ ਦੂਸਰੇ ਵਿਅਕਤੀ ਵਲੋਂ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਗਿਆ, ਜਿਸ ਕਾਰਨ ਵਿਅਕਤੀ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਹਸਪਤਾਲ ਵਿਖੇ ਇਲਾਜ ਉਪਰੰਤ ਉਸ ਦੀ ਮੌਤ ਹੋ ਗਈ | ਇਸ ਮਾਮਲੇ ਵਿਚ ਥਾਣਾ ਸਰਹਾਲੀ ਦੀ ਪੁਲਿਸ ਨੇ ਰਾਜੂ ਸਿੰਘ ਨਾਮਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਰਹਾਲੀ ਵਿਖੇ ਅਕਾਸ਼ਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਵਾਸੀ ਚੌਧਰੀਵਾਲਾ ਨੌਸ਼ਹਿਰਾ ਪੰਨੂੰਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ 19 ਅਗਸਤ ਨੂੰ ਉਹ ਅਤੇ ਉਸਦਾ ਪਿਤਾ ਰਾਜਬੀਰ ਸਿੰਘ ਬਾਬੇ ਰੋਡੇ ਸ਼ਾਹ ਦੀ ਜਗਾ 'ਤੇ ਮੇਲੇ ਵਿਚ ਗਏ ਸੀ | ਮੇਲਾ ਵੇਖਣ ਤੋੋਂ ਬਾਅਦ ਉਹ ਆਪਣੇ ਪਿਤਾ ਦੇ ਪਿੱਛੇ-ਪਿੱਛੇ ਜਾ ਰਿਹਾ ਸੀ ਤਾਂ ਰਾਤ 11 ਵਜੇ ਉਹ ਅੱਡਾ ਨੌਸ਼ਹਿਰਾ ਪੰਨੂੰਆਂ ਦੇ ਨਜ਼ਦੀਕ ਪਹੁੰਚੇ, ਉਥੇ ਪਹਿਲਾਂ ਤੋੋਂ ਖੜੇ ਰਾਜੂ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਚੌਧਰੀਵਾਲਾ ਨੌਸ਼ਹਿਰਾ ਪੰਨੂੰਆਂ ਜੋ ਦਿਮਾਗੀ ਤੌਰ 'ਤੇ ਠੀਕ ਨਾ ਹੋਣ ਕਰਕੇ ਬਾਜ਼ਾਰ ਵਿਚ ਘੁੰਮਦਾ ਰਹਿੰਦਾ ਹੈ, ਜੋ ਕੁਝ ਦਿਨ ਪਹਿਲਾਂ ਹੀ ਉਸ ਦੇ ਪਿਤਾ ਨਾਲ ਗਾਲੀ-ਗਲੋਚ ਹੋਇਆ ਸੀ | ਉਸ ਦੇ ਵੇਖਦੇ ਵੇਖਦੇ ਹੀ ਰਾਜੂ ਸਿੰਘ ਉਸਦੇ ਪਿਤਾ ਦੇ ਗਲ ਪੈ ਗਿਆ ਅਤੇ ਉਸਦੇ ਪਿਤਾ ਨੂੰ ਜੋਰ ਦੀ ਧੱਕਾ ਮਾਰਿਆ, ਜਿਸ ਨਾਲ ਉਸਦਾ ਪਿਤਾ ਪੱਕੀ ਸੜਕ 'ਤੇ ਡਿੱਗ ਪਿਆ ਅਤੇ ਉਸਦਾ ਸਿਰ ਜੋਰ ਨਾਲ ਸੜਕ 'ਤੇ ਵੱਜਾ | ਉਸ ਦੇ ਪਿਤਾ ਦੇ ਗੰਭੀਰ ਸੱਟਾਂ ਲੱਗਣ ਕਾਰਨ ਤੁਰੰਤ ਸਿਵਲ ਹਸਪਤਾਲ ਤਰਨ ਤਾਰਨ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਦੇ ਪਿਤਾ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਰੈਫਰ ਕਰ ਦਿੱਤਾ, ਜਿਥੇ ਇਲਾਜ ਚੱਲਦਾ ਰਿਹਾ ਅਤੇ 29 ਅਗਸਤ ਨੂੰ ਡਾਕਟਰਾਂ ਨੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਅਤੇ 29 ਅਗਸਤ ਦੀ ਰਾਤ ਨੂੰ ਉਸ ਦੇ ਪਿਤਾ ਦੀ ਮੌਤ ਹੋ ਗਈ | ਜਾਂਚ ਅਧਿਕਾਰੀ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਰਾਜੂ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਗਿ੍ਫ਼ਤਾਰੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |