08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਤਲੁਜ ਦਰਿਆ ਨੇ ਪਿੰਡ ਘੜੁੰਮ ਨਜ਼ਦੀਕ ਧੁੱਸੀ ਬੰਨ੍ਹ ਨੂੰ ਲਾਈ ਢਾਹ <br/>

ਅਜੀਤ ਡੈਸਕ 01-09-2025

ਹਰੀਕੇ ਪੱਤਣ, 31 ਅਗਸਤ (ਸੰਜੀਵ ਕੁੰਦਰਾ)- ਇਸ ਵਾਰ ਬਾਰਿਸ਼ ਆਫ਼ਤ ਬਣ ਕੇ ਆਈ ਹੈ | ਨਦੀਆਂ ਅਤੇ ਦਰਿਆਵਾਂ ਦਾ ਭਿਆਨਕ ਰੂਪ ਤਬਾਹੀ ਮਚਾ ਰਿਹਾ ਹੈ | ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਹੈੱਡ ਵਰਕਸ ਜਿੱਥੇ ਪਿਛਲੇ 2 ਦਿਨਾਂ ਵਿਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਰਾਹਤ ਦੀ ਕਿਰਨ ਦਿਖਾਈ ਦਿੱਤੀ ਸੀ ਪਰੰਤੂ ਅੱਜ ਫਿਰ ਹੋਈ ਭਰਵੀਂ ਬਾਰਿਸ਼ ਤੋਂ ਬਾਅਦ ਹਰੀਕੇ ਹੈੱਡ ਵਰਕਸ ਵਿਚ ਫਿਰ ਪਾਣੀ ਦਾ ਪੱਧਰ ਵੱਧ ਗਿਆ | ਇਸ ਵੱਧੇ ਪਾਣੀ ਨੇ ਡਾਊਨ ਸਟਰੀਮ ਵਾਲੇ ਪਾਸੇ ਧੁੱਸੀ ਬੰਨ੍ਹ ਅਤੇ 2 ਨੋਚਾ ਨੂੰ ਢਾਹ ਲਾ ਦਿੱਤੀ ਜਿਸ ਕਾਰਨ ਧੁੱਸੀ ਬੰਨ੍ਹ ਤੋੋਂ ਬਾਹਰ ਪੈਂਦੇ ਪਿੰਡਾਂ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ | ਹਰੀਕੇ ਹਥਾੜ ਖੇਤਰ ਵਿਚ ਪਿੰਡ ਘੜੁੰਮ ਨਜ਼ਦੀਕ ਜਿੱਥੇ ਹੜਾਂ ਨੇ 2023 ਵਿਚ ਢਾਹ ਲਗਾ ਕੇ ਦਰਜਨ ਤੋਂ ਵੱਧ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਅਤੇ ਹਜ਼ਾਰਾਂ ਘਰ ਡੋਬ ਦਿੱਤੇ ਸਨ ਉਸ ਜਗ੍ਹਾ 'ਤੇ ਹੀ ਅੱਜ ਪਾਣੀ ਦੇ ਤੇਜ਼ ਵਹਾਅ ਨੇ ਫਿਰ ਢਾਹ ਲਾ ਦਿੱਤੀ | ਇਲਾਕੇ ਦੇ ਲੋਕਾਂ ਨੂੰ ਜਿਵੇਂ ਪਤਾ ਲੱਗਾ ਤਾਂ ਤਰੁੰਤ ਆਪਣੇ ਆਪਣੇ ਸਾਧਨਾਂ ਰਾਹੀਂ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰਾਂ ਨੂੰ ਜਦ ਇਸ ਢਾਹ ਦਾ ਪਤਾ ਲੱਗਾ ਤੇ ਉਨ੍ਹਾਂ ਦੇ ਅਨੇਕਾਂ ਸੇਵਾਦਾਰਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ | ਜਦ 'ਅਜੀਤ' ਦੀ ਟੀਮ ਮੌਕੇ 'ਤੇ ਪੁੱਜੀ ਤਾਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰ ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਲਈ ਲੋਹੇ ਦੇ ਜਾਲ ਬਣਾ ਕੇ ਅਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਨੋਚ ਬੰਨ੍ਹ ਰਹੇ ਸਨ | ਇਸਦੇ ਨਾਲ ਸੈਂਕੜੇ ਇਲਾਕਾ ਨਿਵਾਸੀ ਸੰਗਤਾਂ ਵੀ ਮਿੱਟੀ ਦੀਆਂ ਬੋਰੀਆਂ ਤੇ ਹੋਰ ਸੇਵਾ ਵੀ ਕਰ ਰਹੀਆਂ ਸਨ | ਇਸ ਤੋਂ ਇਲਾਵਾ ਗੱਟੀ ਹਰੀਕੇ ਅਤੇ ਇਸਦੇ ਨਜ਼ਦੀਕ ਵੀ 2 ਜਗਾ ਤੇ ਸਤਲੁਜ ਦਰਿਆ ਨੇ ਨੋਚਾ ਨੂੰ ਢਾਹ ਲਾਈ ਅਤੇ ਵੱਡੇ-ਵੱਡੇ ਪੱਥਰਾਂ ਦੇ ਕਰੇਟ ਵੀ ਪਾਣੀ ਦਾ ਤੇਜ਼ ਵਹਿਣ ਵਹਾਅ ਕੇ ਲੈ ਗਿਆ | ਪਰੰਤੂ ਜਿਸ ਤਰ੍ਹਾਂ ਪਾਣੀ ਦਾ ਵਹਿਣ ਬਹੁਤ ਤੇਜ਼ ਹੈ ਉਸ ਵਿੱਚ ਪਾਣੀ ਅੰਦਰ ਵੜ ਕੇ ਕੰਮ ਕਰਨਾਂ ਖਾਲਾ ਜੀ ਦਾ ਵਾੜਾ ਨਹੀਂ | ਪਰੰਤੂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰਾਂ ਜਿੰਨਾ ਨੇ ਹੁਣ ਤੱਕ ਅਨੇਕਾਂ ਜਗਾ 'ਤੇ ਹੜਾਂ ਦੇ ਤੇਜ਼ ਪ੍ਰਕੋਪ ਵਿਚ ਵੀ ਪਾੜ ਪਏ ਬੰਨਨ੍ਹਾਂ ਨੂੰ ਬੰਨ ਦਿੱਤਾ ਅਤੇ ਸੇਵਾਦਾਰਾਂ ਦੀ ਟੀਮ ਦਾ ਬੰਨ੍ਹਾਂ ਦਾ ਤਜਰਬਾ ਇੰਨ੍ਹਾਂ ਹੋ ਗਿਆ ਹੈ ਕਿ ਤੁਰੰਤ ਹੀ ਜੰਗੀ ਪੱਧਰ 'ਤੇ ਕੰਮ ਸ਼ੁਰੂ ਹੋ ਜਾਂਦਾ ਹੈ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਅਨੇਕਾਂ ਜਗਾ 'ਤੇ ਲੰਗਰ ਲਗਾਏ ਗਏ ਹਨ, ਜੋ ਦਿਨ ਰਾਤ ਜਾਰੀ ਹਨ |
ਸੰਪ੍ਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦਿਨ ਰਾਤ ਨਿਭਾਅ ਰਹੀ ਹੈ ਸੇਵਾ
ਜਿਕਰਯੋਗ ਹੈ ਕਿ ਪਿੰਡ ਸਭਰਾ ਨਜ਼ਦੀਕ ਵੀ 16 ਅਗਸਤ ਨੂੰ ਸਤਲੁਜ ਦਰਿਆ ਨੇ ਢਾਹ ਲਾ ਦਿੱਤੀ ਸੀ ਤੇ ਇੱਥੇ ਵੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਦਿਨ ਰਾਤ ਅਤੇ ਵਰਦੇ ਮੀਂਹ ਵਿਚ ਸੰਗਤਾਂ ਨੇ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕ ਲਿਆ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਜਿੱਥੇ 2023 ਵੱਡੇ ਪੱਧਰ 'ਤੇ ਰਾਹਤ ਕਾਰਜ ਕੀਤੇ ਗਏ ਅਤੇ ਹੁਣ 2025 ਵਿਚ ਜਿਸ ਦਿਨ ਤੋਂ ਹੜ੍ਹਾਂ ਦੀ ਮਾਰ ਸ਼ੂਰੂ ਹੋਈ ਹੈ, ਨਿਰੰਤਰ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ | ਜ਼ਿਲ੍ਹਾ ਤਰਨ ਤਾਰਨ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਦਿਨ ਰਾਤ ਰਾਹਤ ਕਾਰਜ ਅਤੇ ਬੰਨ੍ਹਾਂ ਦੀ ਮਜ਼ਬੂਤੀ ਦੇ ਸੇਵਾ ਕਾਰਜ ਚੱਲ ਰਹੇ ਹਨ ਅਤੇ ਸੰਪਰਦਾਇ ਵਲੋਂ ਹੜ੍ਹ ਪੀੜਤਾਂ ਲਈ ਲੰਗਰ ਅਤੇ ਪਸ਼ੂਆਂ ਦੇ ਚਾਰੇ ਦੀਆਂ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਹਨ | ਸਾਰੇ ਜ਼ਿਲਿ੍ਹਆਂ ਵਿਚ ਸੈਂਕੜੇ ਸੇਵਾਦਾਰਾਂ ਨੇ ਆਪਣੀ ਡਿਊਟੀ ਸੰਭਾਲੀ ਹੋਈ ਹੈ | ਬੇਸ਼ੱਕ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਵਿਦੇਸ਼ ਕੈਨੇਡਾ ਵਿਚ ਗੁਰਮਤਿ ਪ੍ਰਚਾਰ 'ਤੇ ਹਨ ਪਰੰਤੂ ਉਹ ਦਿਨ ਰਾਤ ਨਿਗਰਾਨੀ ਰੱਖ ਰਹੇ ਹਨ | ਬਾਬਾ ਹਾਕਮ ਸਿੰਘ ਸਾਰੇ ਰਾਹਤ ਕਾਰਜਾਂ ਦੀ ਦੇਖ ਰੇਖ ਖੁਦ ਕਰ ਰਹੇ ਹਨ | ਪੂਰੇ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਵੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰ ਰਹੀਆਂ ਹਨ |

ਪਿਛਲੀ ਖ਼ਬਰ ਝਗੜੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌਤ, ਮਾਮਲਾ ਦਰਜ ਅਗਲੀ ਖ਼ਬਰ 8ਗਿ੍ਫ਼ਤਾਰ ਵਿਅਕਤੀਆਂ ਪਾਸੋਂ ਤਿੰਨ ਪਿਸਤੌਲ ਬਰਾਮਦ-ਐੱਸ.ਐੱਸ.ਪੀ. ਦੀਪਕ ਪਾਰੀਕ <br/> ਏ.ਜੀ.ਟੀ.ਐੱਫ. ਅਤੇ ਤਰਨ ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।