ਚੋਹਲਾ ਸਾਹਿਬ, 31 ਅਗਸਤ (ਬਲਵਿੰਦਰ ਸਿੰਘ)-ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਨੇ ਪਿੰਡ ਚੰਬਾ ਕਲਾਂ ਵਿਖੇ ਹਾਲ ਹੀ ਵਿਚ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆਈ ਪਾਣੀ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ ਲਈ ਲੋੜੀਦੀ ਰਾਹਤ ਸਮੱਗਰੀ ਪ੍ਰਦਾਨ ਕੀਤੀ | ਉਨ੍ਹਾਂ ਸਮੇਤ ਸਮੂਹ ਟੀਮ ਵਲੋਂ ਪੀੜਤ ਪਰਿਵਾਰਾਂ ਵਾਸਤੇ ਰਾਸ਼ਨ ਕਿੱਟਾਂ ਅਤੇ ਪਸ਼ੂਆਂ ਲਈ ਚਾਰਾ ਵੀ ਦਿੱਤਾ ਗਿਆ, ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਰਾਹਤ ਮਿਲੀ ਹੈ | ਪੰਜਾਬ ਵਿਚ ਭਾਰੀ ਬਾਰਿਸ਼ ਕਾਰਨ ਹੋਏ ਹੜ੍ਹਾਂ ਨੇ ਖਡੂਰ ਸਾਹਿਬ ਹਲਕੇ ਦੇ ਕਈ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ | ਇਸ ਹਾਲਾਤ ਵਿਚ ਆਪ ਪਾਰਟੀ ਨੇ ਆਪਣੀ ਸਹਾਇਤਾ ਨੂੰ ਤੇਜ਼ ਕੀਤਾ ਹੈ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਖੁਦ ਪਿੰਡ ਵਿਚ ਪਹੁੰਚ ਕੇ ਪੀੜਤਾਂ ਨਾਲ ਮੀਟਿੰਗ ਕੀਤੀ | ਉਨ੍ਹਾਂ ਰਾਸ਼ਨ ਸਮੱਗਰੀ ਵਿਚ ਖੰਡ, ਚਾਹ ਪੱਤੀ, ਆਲੂ, ਤੇਲ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਿਲ ਸਨ, ਜਦਕਿ ਪਸ਼ੂਆਂ ਲਈ ਚਾਰੇ ਨੂੰ ਪਿੰਡ ਚੰਬਾ ਕਲਾਂ ਵਿਚ ਪਹੁੰਚਾ ਕੇ ਪਸ਼ੂ ਪਾਲਕਾਂ ਨੂੰ ਵੀ ਰਾਹਤ ਦਿੱਤੀ ਹੈ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਰਜਿੰਦਰ ਸਿੰਘ ਉਸਮਾ, ਚੇਅਰਮੈਨ ਕੁਲਦੀਪ ਸਿੰਘ ਮੰਡੀ ਬੋਰਡ ਤਰਨ ਤਾਰਨ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਰੁਪਿੰਦਰ ਕੌਰ ਸੰਧੂ, ਚੇਅਰਮੈਨ ਬਰਿੰਦਰ ਕੁਮਾਰ, ਚੇਅਰਮੈਨ ਹਰਜੀਤ ਸਿੰਘ ਸੰਧੂ, ਚੇਅਰਮੈਨ ਅਮਿੰਦਰ ਸਿੰਘ ਐਮੀ, ਰਜਿੰਦਰ ਸਿੰਘ ਪੰਨੂ ਰੂੜੇਆਸਲ ਅਤੇ ਹਲਕਾ ਤਰਨ ਤਾਰਨ ਦੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹਾਜ਼ਰ ਸੀ |
ਵਿਧਾਇਕ ਲਾਲਪੁਰਾ ਨੇ ਪਿੰਡ ਚੰਬਾ ਕਲਾਂ ਵਿਖੇ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਰਾਹਤ ਸਮੱਗਰੀ <br/>
ਪਿੰਡ ਚੰਬਾ ਕਲਾਂ ਵਿਖੇ ਰਾਹਤ ਸਮੱਗਰੀ ਵੰਡਦੇ ਹੋਏ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ | ਤਸਵੀਰ:ਬਲਵਿੰਦਰ ਸਿੰਘ<br/>
01-09-2025