ਤਰਨ ਤਾਰਨ, 31 ਅਗਸਤ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਇਕ ਪਟਵਾਰੀ ਵਲੋਂ ਧੋਖਾਧੜੀ ਕਰਦਿਆਂ ਗਰਦਾਵਰੀ ਵਿਚ ਆਪਣੀ ਪਤਨੀ ਦਾ ਨਾਮ ਦਰਜ ਕਰਨ ਦੇ ਦੋਸ਼ ਹੇਠ ਪਟਵਾਰੀ ਅਤੇ ਉਸ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਐੱਸ.ਪੀ. ਤਰਨ ਤਾਰਨ ਕੋਲ ਨਿਰਮਲ ਸਿੰਘ ਵਾਸੀ ਸੈਕਟਰ 69 ਮੋਹਾਲੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਟਵਾਰੀ ਕਸ਼ਮੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਫਤਿਆਬਾਦ ਵਲੋਂ ਗੁਰਦਵਰੀ ਵਿਚ ਉਸ ਦਾ ਨਾਮ ਬਦਲ ਕੇ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਕੇ ਆਪਣੀ ਪਤਨੀ ਰੁਪਿੰਦਰ ਕੌਰ ਦਾ ਨਾਮ ਪਾ ਕੇ ਧੋਖਾਧੜੀ ਕੀਤੀ ਗਈ ਹੈ | ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਪਟਵਾਰੀ ਕਸ਼ਮੀਰ ਸਿੰਘ ਅਤੇ ਉਸਦੀ ਪਤਨੀ ਰੁਪਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ 'ਤੇ ਥਾਣਾ ਗੋਇੰਦਵਾਲ ਦੇ ਏ.ਐੱਸ.ਆਈ. ਹਰਜੀਤ ਸਿੰਘ ਵਲੋਂ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |