ਹਰੀਕੇ ਪੱਤਣ, 18 ਜੁਲਾਈ (ਸੰਜੀਵ ਕੁੰਦਰਾ)-ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੋ ਕਿ ਲੋਕ ਭਲਾਈ ਦੇ ਕਾਰਜਾਂ ਵਿਚ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ | ਜਿੱਥੇ ਬਾਬਾ ਸੁੱਖਾ ਸਿੰਘ ਦੇਸ਼ ਵਿਦੇਸ਼ ਵਿਚ ਧਾਰਮਿਕ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ, ਉੱਥੇ ਹੀ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਹੜਾਂ ਕਾਰਨ ਲੋਕਾਂ ਤੇ ਆਈ ਵੱਡੀ ਆਫ਼ਤ ਸਮੇਂ ਲੋਕਾਂ ਦੀ ਬਾਂਹ ਫੜੀ | ਇਸ ਤੋਂ ਇਲਾਵਾ ਸੰਪਰਦਾਇ ਕਾਰ ਸੇਵਾ ਸਰਹਾਲੀ ਵਾਤਾਵਰਣ ਨੂੰ ਬਚਾਉਣ ਲਈ ਵੀ ਆਪਣਾ ਵੱਡਾ ਯੋਗਦਾਨ ਪਾ ਰਹੀ ਹੈ | ਇਸੇ ਤਹਿਤ ਹਰ ਸਾਲ ਵਾਤਾਵਰਨ ਸੰਭਾਲ ਲਈ ਵੱਡੇ ਪੱਧਰ 'ਤੇ ਉਪਰਾਲੇ ਕਰਦਿਆਂ ਬਾਬਾ ਸੁੱਖਾ ਸਿੰਘ ਆਪਣੇ ਹੱਥੀਂ ਰੁੱਖ ਲਗਾ ਕੇ ਇਲਾਕੇ ਦੇ ਨੌਜਵਾਨਾਂ ਅਤੇ ਆਮ ਲੋਕਾਂ ਲਈ ਪ੍ਰੇਰਨਾ ਬਣ ਰਹੇ ਹਨ, ਉਨ੍ਹਾਂ ਦੀ ਇਸ ਕਾਰਜ ਦੀ ਚਾਰ ਚੁਫੇਰਿਓਾ ਪ੍ਰਸ਼ੰਸਾ ਹੋ ਰਹੀ ਹੈ | ਜਿਕਰਯੋਗ ਹੈ ਕਿ ਪਿਛਲੇ ਇਕ ਹਫਤੇ ਤੋਂ ਰਾਸ਼ਟਰੀ ਮਾਰਗ 54 ਅ੍ਰਮਿਤਸਰ ਬਠਿੰਡਾ ਰੋਡ 'ਤੇ ਪੌਦੇ ਲਗਾਉਣ ਦੀ ਸੇਵਾ ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਵੱਡੀ ਪੱਧਰ 'ਤੇ ਚਲਾਈ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵਲੋਂ ਪਿੰਡਾਂ ਨੂੰ ਜਾਂਦੀਆਂ ਸੜਕਾਂ 'ਤੇ ਹਜ਼ਾਰਾਂ ਪੌਦੇ ਲਾਉਣ ਦਾ ਟੀਚਾ ਮਿਥਿਆ ਹੋਇਆ ਹੈ ਅਤੇ ਜਿਸ ਨੂੰ ਸਰ ਕਰਨ ਲਈ ਉਹ ਦਿਨ ਰਾਤ ਇਹ ਸੇਵਾ ਵਿਚ ਡਟੇ ਹੋਏ ਹਨ | ਅੱਜ ਬਾਬਾ ਸੁੱਖਾ ਸਿੰਘ ਨੇ ਆਪਣੇ ਸੇਵਾਦਾਰਾਂ ਨਾਲ ਰਾਸ਼ਟਰੀ ਮਾਰਗ 54 ਤੇ ਹਰੀਕੇ ਪੱਤਣ ਤੋਂ ਸਰਹਾਲੀ ਤੱਕ ਸੈਂਕੜੇ ਪੌਦੇ ਲਗਾਏ | ਬਾਬਾ ਸੁੱਖਾ ਸਿੰਘ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਇਸ ਵੱਡੇ ਉਪਰਾਲੇ ਵਿਚ ਆਪਣਾ ਯੋਗਦਾਨ ਪਾਉਣ ਲਈ ਡੀ.ਐੱਸ.ਪੀ. ਹਰਪ੍ਰੀਤ ਸਿੰਘ ਵੀ ਪੁੱਜੇ ਅਤੇ ਬਾਬਾ ਸੁੱਖਾ ਸਿੰਘ ਨਾਲ ਆਪਣੇ ਹੱਥੀ ਸੜਕ ਕਿਨਾਰੇ ਪੌਦੇ ਲਾਏ | ਇਸ ਮੌਕੇ ਡੀ.ਐੱਸ.ਪੀ. ਹਰਪ੍ਰੀਤ ਸਿੰਘ ਨੇ ਕਿਹਾ ਬਾਬਾ ਸੁੱਖਾ ਸਿੰਘ ਵਲੋਂ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਸਾਨੂੰ ਇੰਨਾਂ ਕਾਰਜਾਂ ਵਿੱਚ ਬਾਬਾ ਜੀ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲ ਸਕੇ | ਉਨ੍ਹਾਂ ਕਿਹਾ ਕਿ ਬਾਬਾ ਸੁੱਖਾ ਸਿੰਘ ਜਿੱਥੇ ਧਾਰਮਿਕ ਅਤੇ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਰਹੇ ਹਨ, ਉਥੇ ਉਹ ਵਾਤਾਵਰਣ ਸਬੰਧੀ ਬਹੁਤ ਸੋਝੀ ਰੱਖਦੇ ਹਨ, ਜਿਨਾਂ ਨੂੰ ਇਹ ਪਤਾ ਹੈ ਕਿ ਰੁੱਖ ਮਨੁੱਖੀ ਜਿੰਦਗੀ ਲਈ ਕਿੰਨੇ ਅਹਿਮ ਹਨ | ਸੰਪਰਦਾਇ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂਾ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਪੌਦੇ ਲਗਾਏ ਜਾਂਦੇ ਹਨ, ਜੋ ਇਸ ਸੰਪਰਦਾਇ ਦਾ ਬਹੁਤ ਵਧੀਆ ਉਪਰਾਲਾ ਹੈ | ਵਰਨਣਯੋਗ ਹੈ ਕਿ ਇਸ ਸੰਪਰਦਾਇ ਵਲੋਂ ਹਰ ਸਾਲ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਮੌਕੇ ਵੱਡੀ ਪੱਧਰ 'ਤੇ ਪੌਦੇ ਲਗਾਉਣ ਦਾ ਕਾਰਜ ਆਰੰਭ ਕਰ ਦਿੱਤਾ ਜਾਂਦਾ ਹੈ ਅਤੇ ਇਹ ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਪਾਣੀ ਅਤੇ ਹੋਰ ਸਾਂਭ ਸੰਭਾਲ ਵੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਨਿਰੰਤਰ ਕੀਤੀ ਜਾਂਦੀ ਹੈ, ਜਿਸ ਕਾਰਨ ਰਾਸ਼ਟਰੀ ਮਾਰਗ 54 ਹਰਿਆ ਭਰਿਆ ਹੋ ਰਿਹਾ ਹੈ | ਇਸ ਮੌਕੇ ਬਾਬਾ ਸੁੱਖਾ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੌਦੇ ਲਗਾਉਣ ਦੇ ਢੁਕਵੇਂ ਸਮੇਂ ਨੂੰ ਦੇਖਦੇ ਹੋਏ ਜੁਲਾਈ ਅਤੇ ਅਗਸਤ ਮਹੀਨੇ ਵਿਚ ਇਹ ਸੇਵਾ ਕਾਰਜ ਵੱਡੇ ਪੱਧਰ 'ਤੇ ਚੱਲਦਾ ਰਹਿੰਦਾ ਹੈ | ਉਨ੍ਹਾਂ ਵਲੋਂ ਬਰਸਾਤ ਦੇ ਦਿਨਾਂ ਨੂੰ ਵੇਖਦੇ ਹੋਏ ਇਹ ਸੇਵਾ ਆਰੰਭ ਕੀਤੀ ਹੈ ਅਤੇ ਉਨਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਇਹਨਾਂ ਦਿਨਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਇਸ ਇਲਾਕੇ ਨੂੰ ਹਰਿਆ ਭਰਿਆ ਕਰ ਦਿੱਤਾ ਜਾਵੇ | ਇਸ ਮੌਕੇ ਡੀ.ਐੱਸ.ਪੀ. ਹਰਪ੍ਰੀਤ ਸਿੰਘ ਜਥੇਦਾਰ ਬੀਰਾ ਸਿੰਘ, ਜਥੇਦਾਰ ਹੀਰਾ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਭਾਈ ਜੀ, ਜਥੇਦਾਰ ਹਰੀ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |