26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅੰਮਿ੍ਤਸਰ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੀਆਂ 10 ਘਰੇਲੂ ਉਡਾਣਾਂ ਰੱਦ

ਅਜੀਤ ਡੈਸਕ 10-12-2025

ਰਾਜਾਸਾਂਸੀ, 9 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਤਹਿਤ ਅੱਜ ਵੀ ਪਹਿਲੇ ਦਿਨਾਂ ਤਰ੍ਹਾਂ 10 ਘਰੇਲੂ ਉਡਾਣਾਂ ਰੱਦ ਰਹੀਆਂ | ਸ਼ਾਮ 7.05 ਵਜੇ ਦਿੱਲੀ ਨੂੰ ਰਵਾਨਾ ਹੋਣ ਵਾਲੀ ਇੰਡੀਗੋ ਏਅਰ ਲਾਈਨ ਦੀ ਉਡਾਣ ਨੰਬਰ 6-ਈ 5188 ਜੋ ਕਿ ਅੱਜ ਰੱਦ ਹੋ ਗਈ | ਇਸ ਉਡਾਣ ਨੂੰ ਦਿੱਲੀ ਤੋਂ ਅੱਗੇ (ਨਿਊਯਾਰਕ) ਅਮਰੀਕਨ ਏਅਰਲਾਈਨ ਨਾਲ ਜੋੜਿਆ ਗਿਆ ਸੀ | ਪਰੰਤੂ ਇਸ ਉਡਾਣ ਰਾਹੀਂ ਅੰਮਿ੍ਤਸਰ ਤੋਂ ਦਿੱਲੀ ਤੱਕ ਤੇ ਅੱਗੇ ਅਮਰੀਕਨ ਏਅਰਲਾਈਨ 'ਚ ਨਿਊਯਾਰਕ ਤੱਕ ਸਫ਼ਰ ਕਰਨ ਵਾਲੇ ਯਾਤਰੀ ਅੰਮਿ੍ਤਸਰ ਹਵਾਈ ਅੱਡੇ 'ਤੇ ਖੱਜਲ ਖੁਆਰ ਹੁੰਦੇ ਰਹੇ | ਪਰੰਤੂ ਇੰਡੀਗੋ ਏਅਰਲਾਈਨ ਦੇ ਸਟਾਫ ਵਲੋਂ ਉਨ੍ਹਾਂ ਨੂੰ ਉਡਾਣ ਰੱਦ ਹੋਣ ਦਾ ਕਹਿ ਘਰਾਂ ਨੂੰ ਜਾਣ ਲਈ ਕਹਿ ਦਿੱਤਾ ਗਿਆ | ਅੰਮਿ੍ਤਸਰ ਹਵਾਈ ਅੱਡੇ ਤੋਂ ਨਿਊਯਾਰਕ ਜਾਣ ਵਾਲੇ ਯਾਤਰੀਆਂ 'ਚ ਮੁਖਤਿਆਰ ਸਿੰਘ ਬੇਗੋਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਨਿਊਯਾਰਕ ਜਾਣ ਲਈ ਅੰਮਿ੍ਤਸਰ ਤੋਂ ਟਿਕਟ ਕਰਵਾਈ ਸੀ ਪਰੰਤੂ ਇੱਥੋਂ ਸ਼ਾਮ 7.05 ਵਜੇ ਇੰਡੀਗੋ ਏਅਰਲਾਈਨ ਦੀ ਉਕਤ ਉਡਾਣ ਰਾਹੀਂ ਦਿੱਲੀ ਨੂੰ ਰਵਾਨਾ ਹੋਣਾ ਸੀ ਅਤੇ ਅੱਗੋਂ 11.55 ਮਿੰਟ 'ਤੇ ਰਾਤ ਅਮਰੀਕਨ ਏਅਰਲਾਈਨ 'ਤੇ ਸਵਾਰ ਹੋ ਕੇ ਨਿਊਯਾਰਕ ਨੂੰ ਰਵਾਨਾ ਹੋਣਾ ਸੀ ਪਰੰਤੂ ਇੱਥੇ ਅੰਮਿ੍ਤਸਰ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੇ ਸਟਾਫ ਵਲੋਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਇਹ ਉਡਾਨ ਰੱਦ ਕਰ ਦਿੱਤੀ ਗਈ ਹੈ ਤੇ ਤੁਸੀਂ ਘਰ ਜਾਓ ਤੁਹਾਨੂੰ ਅਗਲੀ ਟਿਕਟ ਲਈ ਈਮੇਲ ਰਾਹੀਂ ਸੁਨੇਹਾ ਭੇਜ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਚਾਰ ਹਜ਼ਾਰ ਰੁਪਏ 'ਚ ਟੈਕਸੀ ਲੈ ਕੇ ਇੱਥੇ ਪਹੁੰਚੇ ਹਨ ਤੇ ਹੁਣ ਮੁੜ ਦੁਬਾਰਾ ਵਾਪਸ ਪਰਤਣ ਲਈ ਕਿਹਾ ਜਾ ਰਿਹਾ ਹੈ ਪ੍ਰੰਤੂ ਉਨ੍ਹਾਂ ਦੀ ਅੱਗੋਂ ਉਡਾਣ ਵੀ ਨਿਕਲ ਜਾਵੇਗੀ | ਉਹ ਬੇਹੱਦ ਪਰੇਸ਼ਾਨ ਹਨ | ਇੱਕ ਹੋਰ ਯਾਤਰੀ ਅਜੇ ਸਿੰਘ ਬੈਂਸ ਵਾਸੀ ਜਲੰਧਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਦੋ ਹਫਤੇ ਪਹਿਲਾਂ ਨਿਊਯਾਰਕ ਤੋਂ ਇੱਥੇ ਪਹੁੰਚੇ ਸਨ ਤੇ ਅੱਜ ਉਨ੍ਹਾਂ ਦੀ ਵਾਪਸੀ ਸੀ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਅਮਰੀਕਨ ਏਅਰਲਾਈਨ ਦੀ ਟਿਕਟ ਨਿਊਯਾਰਕ ਲਈ ਕਰਵਾਈ ਸੀ ਤੇ ਇੱਥੋਂ ਇੰਡੀਗੋ ਏਅਰਲਾਈਨ ਰਾਹੀਂ ਦਿੱਲੀ ਪਹੁੰਚਣਾ ਸੀ ਤੇ ਇਹ ਉਡਾਨ ਉਸ ਨਾਲ ਜੁੜੀ ਹੋਈ ਹੈ ਪ੍ਰੰਤੂ ਇਹ ਉਡਾਣ ਰੱਦ ਹੋ ਗਈ ਹੈ | ਉਨ੍ਹਾਂ ਕਿਹਾ ਕਿ ਉਹ ਡਰਾਈਵਰ ਲੈ ਕੇ ਇੱਥੇ ਪਹੁੰਚੇ ਸਨ ਤੇ ਡਰਾਈਵਰ ਉਨ੍ਹਾਂ ਨੂੰ ਇੱਥੇ ਛੱਡ ਕੇ ਗੱਡੀ ਵਾਪਸ ਲੈ ਕੇ ਚਲਾ ਗਿਆ ਹੈ ਤੇ ਹੁਣ ਉਹ ਤੇ ਉਨ੍ਹਾਂ ਦੀ ਧਰਮ ਪਤਨੀ ਇੱਥੇ ਹੀ ਖੜ੍ਹੇ ਹਨ, ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਉਹ ਕੀ ਕਰਣ | ਇਸ ਤੋਂ ਇਲਾਵਾ ਦਸੂਹਾ ਦੇ ਇੱਕ ਨੇੜਲੇ ਪਿੰਡ ਤੋਂ ਏਥੇ ਇਸ ਉਡਾਣ ਰਾਹੀਂ ਦਿੱਲੀ ਤੋਂ ਅਮਰੀਕਨ ਏਅਰਲਾਈਨ 'ਚ ਨਿਊਯਾਰਕ ਜਾਣ ਵਾਲੇ ਯਾਤਰੀ ਸੁੱਚਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਨੇ ਅਮਰੀਕਾ ਤੋਂ ਟਿਕਟ ਕਰਵਾਈ ਤੇ ਅੱਜ ਇਸ ਉਡਾਣ 'ਤੇ ਦਿੱਲੀ ਤੱਕ ਸਫ਼ਰ ਕਰਨ ਲਈ ਏਥੇ ਪਹੁੰਚੇ ਸਨ | ਪਰੰਤੂ ਬਿਨਾ ਕੋਈ ਈ ਮੇਲ 'ਤੇ ਸੁਨੇਹੇ ਦਿੱਤੇ ਅਚਾਨਕ ਇਹ ਉਡਾਣ ਰੱਦ ਕਰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਗੱਡੀ ਦਾ ਕਿਰਾਇਆ ਲਾ ਕੇ ਇੱਥੇ ਪਹੁੰਚੇ ਹਨ | ਉਨ੍ਹਾਂ ਦੱਸਿਆ ਕਿ ਇਸ ਉਡਾਨ ਦੇ ਰੱਦ ਹੋਣ ਦਾ ਕਾਰਨ ਪੁੱਛਣ ਤੇ ਇੰਡੀਗੋ ਦੇ ਸਟਾਫ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ | ਅੱਜ ਦੁਬਾਰਾ ਇੰਡੀਗੋ ਏਅਰਲਾਈਨ 10 ਉਡਾਣਾਂ ਰੱਦ ਰਹੀਆਂ | ਜਿਸ ਕਾਰਣ ਯਾਤਰੀ ਭਾਰੀ ਖੱਜਲ ਖੁਆਰ ਹੋਏ |

ਪਿਛਲੀ ਖ਼ਬਰ ਅੰਮਿ੍ਤਸਰ ਦੇ ਲੋਕਾਂ ਨੂੰ ਅਗਲੇ ਸਾਲ 'ਚ ਮਿਲਣਗੇ ਈ-ਬੱਸਾਂ ਦੇ ਝੂਟੇ ਅਗਲੀ ਖ਼ਬਰ ਗੁੰਮ ਤੇ ਚੋਰੀਸ਼ੁਦਾ ਮੋਬਾਈਲ ਲੱਭ ਕੇ ਕੀਤੇ ਲੋਕਾਂ ਦੇ ਹਵਾਲੇ- ਏ.ਸੀ.ਪੀ. ਸ਼ਿਵਦਰਸ਼ਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।