ਅੰਮਿ੍ਤਸਰ, 9 ਦਸੰਬਰ (ਹਰਮਿੰਦਰ ਸਿੰਘ)-ਸਥਾਨਕ ਸ਼ਹਿਰ ਵਿਚ ਚਲਾਈਆਂ ਗਈਆਂ ਸਿਟੀ ਬੱਸਾਂ ਅਤੇ ਫਿਰ ਮੈਟਰੋ ਬੱਸਾਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਵਲੋਂ ਈ-ਬੱਸਾਂ ਚਲਾਈਆਂ ਜਾ ਰਹੀਆਂ ਹਨ | ਅੰਮਿ੍ਤਸਰ 'ਚ ਨਿਉਰਮ ਦੇ ਤਹਿਤ ਪਹਿਲਾਂ ਸਿਟੀ ਬੱਸਾਂ ਚਲਾਈਆਂ ਸਨ, ਜਿਨ੍ਹਾਂ ਦੀ ਮਿਆਦ ਸਿਰਫ ਪੰਜ ਹੀ ਰਹੀ | 2012 ਤੋਂ ਸ਼ੁਰੂ ਹੋਈ ਇਹ ਸੇਵਾ 2017 'ਚ ਦਮ ਤੋੜ ਗਈ ਅਤੇ ਇਸ ਤੋਂ ਬਾਅਦ 2016 'ਚ ਚਲਾਈਆਂ ਗਈਆਂ 92 ਮੈਟਰੋ ਬੱਸਾਂ ਜੋ 2023 ਤੋਂ ਬੰਦ ਪਈਆਂ ਹਨ | ਹੁਣ ਕੇਂਦਰ ਸਰਕਾਰ ਵਲੋਂ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਈ-ਬੱਸਾਂ ਚਲਾਉਣ ਦੀ ਯੋਜਨਾ ਲਿਆਂਦੀ ਗਈ ਹੈ | ਜਿਸ ਦੇ ਕੰਮ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਇਸ ਦਾ ਕੰਮ ਅਗਲੇ ਦਿਨਾਂ ਵਿਚ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਛੇ ਮਹੀਨਿਆ 'ਚ ਮੁਕੰਮਲ ਹੋ ਜਾਵੇਗਾ | ਈ-ਬੱਸਾਂ ਦੇ ਠਹਿਰਨ ਲਈ ਅਤੇ ਬੱਸਾਂ ਦੀ ਚਾਰਜਿੰਗ ਸਿਟੀ ਬੱਸ ਵਰਕਸ਼ਾਪ ਅਤੇ ਮੈਟਰੋ ਬੱਸਾਂ ਦੇ ਡਿਪੂ ਨੂੰ ਇਸਤੇਮਾਲ ਕੀਤਾ ਜਾਵੇਗਾ | ਜਿਨ੍ਹਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ | ਸਿਟੀ ਬੱਸ ਵਰਕਸ਼ਾਪ ਵਿਚ 10 ਚਾਰਜਿੰਗ ਪੁਆਇੰਟ, ਬੱਸਾਂ ਨੂੰ ਖੜ੍ਹੇ ਕਰਨ ਲਈ ਸ਼ੈੱਡ ਅਤੇ ਦਫ਼ਤਰ ਤਿਆਰ ਕੀਤਾ ਜਾਵੇਗਾ | ਵਰਕਸ਼ਾਪ 'ਚ ਸਾਲਾਂ ਤੋਂ ਖੜ੍ਹੀਆਂ ਨਾਕਾਰਾ ਸਿਟੀ ਬੱਸਾਂ ਨੂੰ ਇਥੋਂ ਹਟਾਇਆ ਜਾਵੇਗਾ | ਜਿਸ ਦੇ ਪਹਿਲੇ ਪੜਾਅ ਵਿਚ 25 ਬੱਸਾਂ ਨੂੰ ਹਟਾ ਕੇ ਕੰਮ ਸ਼ੁਰੂ ਕਰਨ ਲਈ ਜਗ੍ਹਾ ਖਾਲੀ ਕੀਤੀ ਗਈ ਹੈ, ਇਹ ਬੱਸਾਂ ਸਿਟੀ ਬੱਸ ਦੇ ਡਿਪੂ 'ਤੇ ਭੇਜ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਚਾਰਜਿੰਗ ਪੁਆਇੰਟਾਂ ਲਈ ਹੈਵੀ ਟਰਾਂਸਫਾਰਮ ਸਥਾਪਤ ਕਰਨ ਲਈ ਪੱਕੇ ਸਥਾਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਵਰਕਸ਼ਾਪ ਦੇ ਮੁਰੰਮਤ ਕਾਰਜ਼ਾਂ ਲਈ 1.59 ਕਰੋੜ ਰੁਪਏ ਖਰਚ ਕਰਨ ਦਾ ਟੀਚਾ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਵੇਰਕਾ ਸਥਿਤ ਮੈਟਰੋ ਬੱਸ ਡਿਪੂ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ | ਇਸ ਡਿਪੂ ਵਿਚ 15 ਚਾਰਜਿੰਗ ਪੁਆਇੰਟ ਲਗਾਏ ਜਾਣਗੇ ਇਸ ਤੋਂ ਇਲਾਵਾ ਹੋਰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਸ 'ਤੇ 2.29 ਕਰੋੜ ਖਰਚ ਕੀਤੇ ਜਾਣ ਦੀ ਤਜਵੀਜ਼ ਤਿਆਰ ਕੀਤੀ ਗਈ ਸੀ | ਇਸ ਤਰ੍ਹਾਂ ਈ-ਬੱਸਾਂ ਦੇ ਦੋਵੇਂ ਚਾਰਜ਼ਿੰਗ ਪੁਆਇੰਟਾਂ 'ਤੇ 3.63 ਕਰੋੜ ਲਾਗਤ ਆਵੇਗੀ | ਇਨ੍ਹਾਂ ਦੋਵੇਂ ਡਿਪੂਆਂ ਦੇ ਨਵੀਨੀਕਰਨ ਦਾ ਕੰਮ ਨਗਰ ਨਿਗਮ ਵਲੋਂ ਕਰਵਾਇਆ ਜਾਵੇਗਾ ਅਤੇ ਚਾਰਜ਼ਿੰਗ ਪੁਆਇੰਟਾਂ ਲਈ ਕੇਬਲ ਪਾਉਣ ਅਤੇ ਟਰਾਂਸਫਾਰਮਰ ਸਥਾਪਿਤ ਕਰਨ ਦਾ ਕੰਮ ਲੋਕ ਨਿਰਮਾਣ ਵਿਭਾਗ ਵਲੋਂ ਕਰਵਾਇਆ ਜਾਵੇਗਾ | ਮਾਲ ਮੰਡੀ ਵਰਕਸ਼ਾਪ ਵਿਖੇ ਦੋ ਟਰਾਂਸਫਾਰਮਰ ਅਤੇ ਵੱਲਾ ਡਿਪੂ 'ਤੇ ਤਿੰਨ ਟਰਾਂਸਫਾਰਮਰ ਸਥਾਪਤ ਕੀਤੇ ਜਾਣਗੇ | ਮਾਲ ਮੰਡੀ ਵਰਕਸ਼ਾਪ 'ਚ ਕੁਲ ਖੇਤਰਫਲ 66500 ਸਕੇਅਰ ਫੁਟ ਹੈ ਜਿਸ ਵਿਚ ਬੱਸਾਂ ਨੂੰ ਖੜ੍ਹੇ ਕਰਨ ਲਈ 33756 ਸਕੇਅਰ ਫੁਟ ਰੱਖਿਆ ਜਾਵੇਗਾ | ਇਸ ਤੋਂ ਇਲਾਵਾ 11000 ਸਕੇਅਰ ਫੁੱਟ ਰਕਬੇ ਵਿਚ ਨਹਿਰੀ ਪਾਣੀ ਪ੍ਰੋਜੈਕਟ ਯੋਜਨਾਂ ਤਹਿਤ ਪਾਣੀ ਕੀ ਟੈਂਕੀ ਬਣਾਈ ਜਾ ਰਹੀ ਹੈ | ਇਸ ਤੋਂ ਇਲਾਵਾ ਕੁਝ ਖੇਤਰ ਵਿਚ ਦਫ਼ਤਰ ਬਣਾਇਆ ਜਾਵੇਗਾ | ਜਿਸ ਦੀ ਲੇਅ ਆਊਟ ਤਿਆਰ ਕਰ ਲਈ ਗਈ ਹੈ |
ਅੰਮਿ੍ਤਸਰ ਦੇ ਲੋਕਾਂ ਨੂੰ ਅਗਲੇ ਸਾਲ 'ਚ ਮਿਲਣਗੇ ਈ-ਬੱਸਾਂ ਦੇ ਝੂਟੇ
ਅਜੀਤ ਡੈਸਕ
10-12-2025