ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਆਮ ਲੋਕਾਂ ਅਤੇ ਪੰਛੀਆਂ ਲਈ ਘਾਤਕ ਬਣ ਚੁਕੀ ਪਾਬੰਦੀਸ਼ੁਦਾ ਸਿੰਥੈਟਿਕ ਚਾਈਨਾ ਡੋਰ ਦੀ ਖ਼ਰੀਦੋ-ਫ਼ਰੋਖ਼ਤ ਅਤੇ ਇਸ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣ ਨੂੰ ਲੈ ਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਹਿਊਮਨ ਰਾਈਟਸ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਭੇਜਿਆ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਇਹ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇ | ਇਸ ਮੌਕੇ 'ਤੇ ਹਿਊਮਨ ਰਾਈਟਜ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਸ਼ਾਮ ਲਾਲ ਤ੍ਰੇਹਨ, ਹਰਜੀਤ ਸਿੰਘ ਬਾਜਵਾ, ਚਰਨਜੀਤ, ਵਰਿੰਦਰ, ਅਮਨ ਸੋਹਲ ਅਤੇ ਦਾਰਾ ਸਿੰਘ ਆਦਿ ਵੀ ਹਾਜ਼ਰ ਸਨ | ਮਨਮੋਹਨ ਸਿੰਘ ਮੁਤਾਬਿਕ ਭਾਵੇਂ ਕਿ ਸਾਲ 2017 'ਚ ਨੈਸ਼ਨਲ ਗ੍ਰੀਨ ਟਿ੍ਬਿਊਨਲ ਦੁਆਰਾ ਇਸ ਘਾਤਕ ਡੋਰ ਦੀ ਵਿੱਕਰੀ 'ਤੇ ਪਾਬੰਦੀ ਲਗਾਈ ਗਈ ਸੀ ਅਤੇ ਬਾਅਦ 'ਚ ਕਈ ਰਾਜ ਸਰਕਾਰਾਂ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਵਿਵਸਥਾਵਾਂ ਦੇ ਤਹਿਤ ਇਸ ਨੂੰ ਸਜ਼ਾਯੋਗ ਐਕਟ ਬਣਾਇਆ ਸੀ ਪਰ ਜ਼ਮੀਨੀ ਪੱਧਰ 'ਤੇ 8 ਸਾਲ ਬਾਅਦ ਵੀ ਇਸ ਦੇ ਨਤੀਜੇ ਵਿਖਾਈ ਨਹੀਂ ਦੇ ਰਹੇ ਹਨ |