ਅੰਮਿ੍ਤਸਰ, 19 ਨਵੰਬਰ (ਰੇਸ਼ਮ ਸਿੰਘ)- ਕਿਰਾਏਦਾਰ ਵਲੋਂ ਮਾਲਕ ਮਕਾਨ ਦੇ ਘਰ ਆ ਕੇ ਕੀਤੀ ਹੁੱਲੜਬਾਜੀ ਤੇ ਧੱਕਾ ਮੁੱਕੀ ਮਾਲਕ ਮਕਾਨ ਲਈ ਭਾਰੀ ਪਈ, ਜਿਸ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਚੁਕਾਉਣੀ ਪਈ | ਪੁਲਿਸ ਵਲੋਂ ਇਸ ਗ਼ੈਰ ਇਰਾਦਾਤਨ ਹੱਤਿਆ ਦੇ ਮਾਮਲੇ 'ਚ ਕਿਰਾਏਦਾਰ ਜੋੜੇ ਸਮੇਤ ਚਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਕਿਰਨ ਚੋਪੜਾ ਪਤਨੀ ਸੱਤ ਪ੍ਰਕਾਸ਼ ਵਾਸੀ ਡਾਇਮੰਡ ਐਵੀਨਿਊ ਮਜੀਠਾ ਰੋਡ ਵਲੋਂ ਥਾਣਾ ਸਦਰ ਦੀ ਪੁਲਿਸ ਕੋਲ ਦਰਜ ਕਰਵਾਈ ਗਈ ਹੈ | ਜਿਸ ਨੇ ਦੱਸਿਆ ਕਿ ਉਸ ਦਾ ਪਤੀ ਰੇਲਵੇ 'ਚੋਂ ਸੇਵਾਮੁਕਤ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਇਕ ਜੋੜਾ ਕਿਰਾਏ 'ਤੇ 2 -3 ਸਾਲਾਂ ਤੋਂ ਰਹਿੰਦਾ ਸੀ ਜੋ ਇਕ ਮਹੀਨਾ ਪਹਿਲਾਂ ਮਕਾਨ ਛੱਡ ਗਿਆ ਸੀ ਪਰ ਉਨ੍ਹਾਂ ਦਾ ਕਾਫੀ ਸਾਮਾਨ ਹਾਲੇ ਵੀ ਉਨ੍ਹਾਂ ਦੇ ਘਰ ਪਿਆ ਹੋਇਆ ਸੀ | ਉਸ ਵਲੋਂ ਔਰਤ ਨੂੰ ਫੋਨ ਕੀਤਾ ਕਿ ਉਹ ਆਪਣਾ ਸਾਮਾਨ ਲੈ ਜਾਣ | ਅਸੀਂ ਘਰ ਕੰਮ ਕਰਵਾਉਣ ਲਈ ਮਿਸਤਰੀ ਲਗਾਉਣੇ ਹਨ | ਜੋ ਕਿ ਉਕਤ ਔਰਤ ਤੇ ਉਸਦਾ ਪਤੀ ਤੇ ਇਕ ਹੋਰ ਅਣਪਛਾਤਾ ਜੋੜਾ ਉਨ੍ਹਾਂ ਦੇ ਘਰ ਆਏ ਤੇ ਰੌਲਾ ਪਾਉਣ ਲੱਗ ਪਏ | ਉਸਨੇ ਕਿਹਾ ਕਿ ਅੰਦਰ ਆ ਜਾਓ ਤੇ ਬਾਹਰ ਰੌਲਾ ਨਾ ਪਾਓ | ਉਨ੍ਹਾਂ ਸਾਰਿਆਂ ਨੇ ਬਹਿਸਬਾਜ਼ੀ ਕੀਤੀ ਤੇ ਰੌਲਾ ਪਾਇਆ ਤੇ ਉਸ ਦੇ ਪਤੀ ਦੀ ਖਿੱਚ ਧੂਹ ਕੀਤੀ | ਇਸ ਦੌਰਾਨ ਉਸਦਾ ਪਤੀ ਇਕ ਦਮ ਡਿੱਗ ਪਿਆ ਤੇ ਉਹ ਆਪਣੇ ਗੁਆਂਢੀਆਂ ਨੂੰ ਨਾਲ ਲੈ ਕੇ ਪਤੀ ਨੂੰ ਹਸਪਤਾਲ ਲੈ ਕੇ ਗਈ, ਜਿਥਿੇ ਡਾਕਟਰਾਂ ਵਲੋਂ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ | ਪੁਲਿਸ ਵਲੋਂ ਰਜ਼ਨੀ, ਉਸਦੇ ਪਤੀ ਵਿਸ਼ਾਲ ਤੇ ਇਕ ਹੋਰ ਅਣਪਛਾਤੀ ਔਰਤ ਤੇ ਮਰਦ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |