ਵਿਜੀਲੈਂਸ ਅਫਸਰ ਦੀ ਟੀਮ ਨੇ ਦੂਸਰੇ ਦਿਨ ਵੀ ਅਣ-ਅਧਿਕਾਰਤ
ਅਜੀਤ ਡੈਸਕ
20-11-2025
ਅੰਮਿ੍ਤਸਰ, 19 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਸਰਕਾਰਾਂ ਵਿਭਾਗ ਪੰਜਾਬ ਚੰਡੀਗੜ੍ਹ ਦੇ ਚੀਫ਼ ਵਿਜੀਲੈਂਸ ਅਫਸਰ ਦੀ ਟੀਮ ਦੂਸਰੇ ਦਿਨ ਵੀ ਨਗਰ ਨਿਗਮ ਦੇ ਦਫ਼ਤਰ ਵਿਖੇ ਪਹੁੰਚੀ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਉਸਰ ਰਹੀਆਂ ਇਮਾਰਤਾਂ ਦੀ ਜਾਣਕਾਰੀ ਇਕੱਠੀ ਕੀਤੀ | ਸਥਾਨਕ ਸਰਕਾਰਾਂ ਵਿਭਾਗ ਦੇ ਚੀਫ਼ ਵਿਜੀਲੈਂਸ ਅਫਸਰ ਕੁਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਐੱਸ. ਵੀ. ਓ. ਸੁਨੀਲ ਕੁਮਾਰ ਦੀ ਅਗਵਾਈ ਹੇਠ ਵਿਭਾਗ ਵਿਜੀਲੈਂਸ ਵਿਭਾਗ ਅੱਜ ਦੂਸਰੇ ਦਿਨ ਵੀ ਨਿਗਮ ਦਫ਼ਤਰ ਵਿਖੇ ਪਹੁੰਚੇ | ਇਸ ਦੌਰਾਨ ਇਸ ਟੀਮ ਨੇ ਬਿਲਡਿੰਗ ਵਿਭਾਗ ਦੇ ਕੁਝ ਰਿਕਾਰਡ ਨੂੰ ਖੰਗਾਲਿਆ ਅਤੇ ਇਸ ਤੋਂ ਇਲਾਵਾ ਇਸ ਟੀਮ ਵਲੋਂ ਮਜੀਠਾ ਰੋਡ, ਬਟਾਲਾ ਰੋਡ ਅਤੇ ਘਿਉ ਮੰਡੀ ਇਲਾਕੇ ਦਾ ਦੌਰਾ ਕੀਤਾ ਗਿਆ, ਜਿਥੇ ਕੁਝ ਨਵੀਆਂ ਬਣੀਆਂ ਇਮਾਰਤਾਂ ਅਤੇ ਕੁਝ ਬਣ ਰਹੀਆਂ ਇਮਾਰਤਾਂ ਦੀ ਪੜਤਾਲ ਕੀਤੀ | ਇਸ ਟੀਮ ਵਲੋਂ ਕੁਲ 25 ਬਿਲਡਿੰਗਾਂ ਦਾ ਰਿਕਾਰਡ ਮੰਗਿਆ ਗਿਆ ਸੀ, ਜਿਸ ਵਿਚੋਂ ਇਸ ਟੀਮ ਨੇ 15 ਬਿਲਡਿੰਗ ਦਾ ਰਿਕਾਰਡ ਇਕੱਠਾ ਕਰ ਲਿਆ ਹੈ ਅਤੇ ਜਦੋਂ ਕਿ ਦਸ ਬਿਲਡਿੰਗਾਂ ਦਾ ਰਿਕਾਰਡ ਲੈਣਾ ਬਾਕੀ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਦੇ ਨਾਲ ਕੁਝ ਸ਼ਿਕਾਇਤ ਕਰਤਾ ਵੀ ਮੌਜੂਦ ਸਨ, ਜ਼ਿਨ੍ਹਾਂ ਵਲੋਂ ਇਮਾਰਤਾਂ ਬਾਰੇ ਜਾਣਕਾਰੀ ਦਿੱਤੀ ਹੈ | ਇਸ ਤੋਂ ਇਲਾਵਾ ਇਸ ਟੀਮ ਵਲੋਂ ਸ਼ਹਿਰ ਦੀਆਂ ਕੁਝ ਸੜਕਾਂ ਦਾ ਵੇਰਵਾ ਵੀ ਮੰਗਿਆ ਹੈ |