06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਸਤਲੁਜ ਤੇ ਚਨਾਬ 'ਚ ਤੇਜ਼ ਹੜ੍ਹਾਂ ਦੀ ਚਿਤਾਵਨੀ ਵਿਚਕਾਰ ਪਾਕਿ ਨਾਲ ਕੀਤਾ ਸੰਪਰਕ <br/>

ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਅਧਿਕਾਰੀਆਂ ਨੇ ਅੱਜ ਦਾਅਵਾ ਕੀਤਾ ਕਿ ਸਤਲੁਜ ਦਰਿਆ 'ਚ ਉੱਚ ਪੱਧਰੀ ਹੜ੍ਹਾਂ ਦੀ ਚਿਤਾਵਨੀ ਤੋਂ ਬਾਅਦ ਇਸਲਾਮਾਬਾਦ 'ਚ ਭਾਰਤੀ ਸਫ਼ਾਰਤਖ਼ਾਨੇ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ | ਅਧਿਕਾਰੀਆਂ ਮੁਤਾਬਿਕ ਇਹ ਵਿਕਾਸ ਉਦੋਂ ਹੋਇਆ ਹੈ ਜਦੋਂ ਲਹਿੰਦਾ ਪੰਜਾਬ ਕਈ ਵਰਿ੍ਹਆਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਚਨਾਬ, ਰਾਵੀ ਅਤੇ ਸਤਲੁਜ ਨਦੀਆਂ ਚਿੰਤਾਜਨਕ ਪੱਧਰ ਤੱਕ ਵਧ ਰਹੀਆਂ ਹਨ | ਪਾਕਿ ਅਧਿਕਾਰੀਆਂ ਨੇ ਸੰਯੁਕਤ ਕਮਿਸ਼ਨਰ ਸਿੰਧੂ ਜਲ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਹਰੀਕੇ ਤੇ ਫ਼ਿਰੋਜ਼ਪੁਰ ਤੋਂ ਵੱਡੇ ਪੱਧਰ 'ਤੇ ਪਾਣੀ ਦਾ ਪ੍ਰਵਾਹ ਪਾਕਿ 'ਚ ਦਾਖ਼ਲ ਹੋਣ ਦੀ ਉਮੀਦ ਹੈ, ਜਿਸ ਨਾਲ ਸਤਲੁਜ 'ਚ ਵੱਡਾ ਹੜ੍ਹ ਆਉਣ ਦਾ ਖ਼ਤਰਾ ਹੈ | ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਨੂੰ ਪਹਿਲਾਂ ਹੀ ਇਕ ਪੱਤਰ ਭੇਜ ਕੇ ਆਉਣ ਵਾਲੇ ਦਿਨਾਂ 'ਚ ਗੰਭੀਰ ਜ਼ੋਖ਼ਮਾਂ ਦੀ ਚਿਤਾਵਨੀ ਦਿੱਤੀ ਗਈ ਸੀ | ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਵੀ ਭਾਰਤੀ ਰਾਜਦੂਤ ਨੂੰ ਸਥਿਤੀ ਬਾਰੇ ਰਸਮੀ ਤੌਰ 'ਤੇ ਜਾਣਕਾਰੀ ਦਿੱਤੀ ਗਈ ਹੈ | ਪਾਕਿ ਦੇ ਚਾਰ ਸੂਬਾਈ ਮੁੱਖ ਸਕੱਤਰਾਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਵੀ ਆਉਣ ਵਾਲੇ ਖ਼ਤਰੇ ਬਾਰੇ ਸੁਚੇਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੈੱਡ ਤਿ੍ਮੂ ਵਿਖੇ ਚਨਾਬ ਦਰਿਆ 'ਚ 479,000 ਕਿਊਸਿਕ ਦਾ ਪ੍ਰਵਾਹ ਦਰਜ ਕੀਤਾ ਗਿਆ, ਜਿਸ ਨਾਲ ਇਸ ਨੂੰ ਬਹੁਤ ਜ਼ਿਆਦਾ ਹੜ੍ਹ ਸ਼੍ਰੇਣੀ 'ਚ ਰੱਖਿਆ ਗਿਆ ਹੈ | ਪੰਜਾਬ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਅੱਜ ਰਾਤ ਤੱਕ ਵਹਾਅ 700,000 ਕਿਊਸਿਕ ਤੱਕ ਵਧ ਸਕਦਾ ਹੈ, ਜਿਸ ਨਾਲ ਝੰਗ, ਮੁਲਤਾਨ ਤੇ ਮੁਜ਼ੱਫਰਗੜ੍ਹ ਸਮੇਤ ਹੇਠਲੇ ਇਲਾਕਿਆਂ ਨੂੰ ਗੰਭੀਰ ਖ਼ਤਰਾ ਹੈ | ਹੜ੍ਹ ਦੇ ਵਾਧੇ ਨੇ ਪਹਿਲਾਂ ਹੀ ਹਜ਼ਾਰਾਂ ਲੋਕਾਂ ਨੂੰ ਉਜਾੜ ਦਿੱਤਾ ਹੈ, ਸੈਂਕੜੇ ਪਿੰਡ ਡੁੱਬ ਗਏ ਹਨ ਅਤੇ ਖੇਤਾਂ ਦੇ ਵਿਸ਼ਾਲ ਹਿੱਸੇ ਤਬਾਹ ਕਰ ਦਿੱਤੇ ਹਨ | ਪੀ. ਡੀ. ਐੱਮ. ਏ. ਵਲੋਂ ਜਾਰੀ ਉੱਚ ਪੱਧਰੀ ਹੜ੍ਹ ਚਿਤਾਵਨੀ 'ਚ ਕਿਹਾ ਗਿਆ ਹੈ ਕਿ ਸਤਲੁਜ, ਰਾਵੀ ਅਤੇ ਚਨਾਬ ਨਦੀਆਂ ਦੇ ਕੁਝ ਹਿੱਸਿਆਂ 'ਚ ਖਾਸ ਕਰਕੇ ਗੰਡਾ ਸਿੰਘ ਵਾਲਾ ਅਤੇ ਤਿ੍ਮੂ ਹੈੱਡਵਰਕਸ 'ਚ ਬਹੁਤ ਉੱਚ ਪੱਧਰ ਦਾ ਹੜ੍ਹ ਵੇਖਿਆ ਜਾ ਰਿਹਾ ਹੈ | ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਥਿਤੀ 5 ਸਤੰਬਰ ਤੱਕ ਬਣੀ ਰਹਿਣ ਦੀ ਸੰਭਾਵਨਾ ਹੈ |
ਭਾਰਤ 'ਤੇ 'ਪਾਣੀ ਹਮਲੇ' ਦਾ ਲਗਾਇਆ ਦੋਸ਼ : ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ 'ਤੇ ਬਿਨਾਂ ਕਿਸੇ ਪੂਰਵ ਸੂਚਨਾ ਦੇ ਚਨਾਬ 'ਚ ਵੱਡੀ ਮਾਤਰਾ 'ਚ ਪਾਣੀ ਛੱਡਣ ਦਾ ਦੋਸ਼ ਲਗਾਇਆ ਹੈ | ਪੀ. ਡੀ. ਐੱਮ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੋਸ਼ ਲਗਾਇਆ ਕਿ ਭਾਰਤ ਨੇ ਇਸ ਪਾਣੀ ਦੇ ਹਮਲੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ | ਪ੍ਰੋਵਿੰਸ਼ੀਅਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਅਨੁਸਾਰ ਹੁਣ ਤੱਕ ਪੰਜਾਬ ਭਰ 'ਚ ਹੜ੍ਹ ਨਾਲ ਸੰਬੰਧਿਤ ਘਟਨਾਵਾਂ 'ਚ 20 ਲੱਖ ਤੋਂ ਵੱਧ ਵਸਨੀਕ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ, 750,000 ਲੋਕਾਂ ਅਤੇ 500,000 ਪਸ਼ੂਆਂ ਨੂੰ ਸੁਰੱਖਿਅਤ ਖੇਤਰਾਂ 'ਚ ਤਬਦੀਲ ਕੀਤਾ ਗਿਆ ਹੈ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਹੂਲਤ ਲਈ ਲਗਾਏ ਗਏ 11 ਮੈਡੀਕਲ ਕੈਂਪਾਂ 'ਚ 24 ਘੰਟੇ ਤਾਇਨਾਤ ਰਹਿਣਗੀਆਂ ਮੈਡੀਕਲ ਟੀਮਾਂ : ਵਧੀਕ ਡੀ.... ਅਗਲੀ ਖ਼ਬਰ ਪਾਕਿਸਤਾਨ ਦੇ ਹਿੰਦੂ ਮੰਤਰੀ ਕੋਹਿਸਤਾਨੀ ਹੋਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।