ਵੇਰਕਾ, 31 ਅਗਸਤ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਉਤਰੀ 'ਚੋਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦ ਸਰਕਲ ਮਜੀਠਾ ਰੋਡ ਦੇ ਪ੍ਰਧਾਨ ਸਮੇਤ ਇਕ ਦਰਜਨ ਦੇ ਕਰੀਬ ਆਗੂ ਆਪਣੇ ਸਮਰਥਕਾਂ ਸਮੇਤ ਨਗਰ ਸੁਧਾਰ ਟਰੱਸਟ ਅੰਮਿ੍ਤਸਰ ਦੇ ਚੇਅਰਮੈਨ ਅਤੇ ਹਲਕਾ ਉਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਕਬੂਲਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ | ਆਮ ਆਦਮੀ ਪਾਰਟੀ ਦੀ ਸਾਫ ਸੁਥਰੀ ਰਾਜਨੀਤੀ ਅਤੇ ਜਨਹਿਤ ਦੀਆਂ ਨੀਤੀਆਂ ਕਾਰਨ ਪਾਰਟੀ ਦਾ ਪਰਿਵਾਰ ਦਿਨੋਂ ਦਿਨ ਵੱਧ ਰਿਹਾ ਹੈ | ਆਮ ਆਦਮੀ ਪਾਰਟੀ ਦੇ ਨਾਰਥ ਹਲਕੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂਆਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ | ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅਲਵਿਦਾ ਆਖਣ ਵਾਲੇ ਸਰਕਲ ਪ੍ਰਧਾਨ ਐਡਵੋਕੇਟ ਸੰਦੀਪ ਸਿੰਘ ਭੁੱਲਰ ਤੋਂ ਇਲਾਵਾ ਅਜੈਪਾਲ ਸਿੰਘ ਗਿੱਲ, ਰਣਦੀਪ ਸਿੰਘ ਬੱਲ, ਅਸ਼ਵਨੀ ਸੋਹੀ, ਦਲਜੀਤ ਕੁਮਾਰ ਜੋਤੀ, ਕਮਲੇਸ਼ ਖੈਰਦੀਨ, ਜਗੀਰ ਸਿੰਘ ਖੈਰਦੀਨ, ਚੰਦੀਪ ਸਿੰਘ ਸੰਧੂ, ਧਰਮਿੰਦਰ ਸਿੰਘ ਗੱਗਾ ਅਤੇ ਸੁਰਿੰਦਰ ਸਿੰਘ ਸ਼ਿੰਦਾ ਆਦਿ ਸ਼ਾਮਲ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ 'ਤੇ ਕਰਮਜੀਤ ਸਿੰਘ ਰਿੰਟੂ ਨੇ ਜੀ ਆਇਆਂ ਆਖਦਿਆਂ ਸਨਮਾਨਿਤ ਕੀਤਾ | ਇਸ ਮੌਕੇ ਆਪ ਵਿਚ ਸ਼ਾਮਲ ਹੋਏ ਐਡਵੋਕੇਟ ਸੰਦੀਪ ਸਿੰਘ ਭੁੱਲਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਜਨਹਿਤਕਾਰੀ ਨੀਤੀਆਂ ਅਤੇ ਕਰਮਜੀਤ ਸਿੰਘ ਰਿੰਟੂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ |