ਅੰਮਿ੍ਤਸਰ, 17 ਜੁਲਾਈ (ਜਸਵੰਤ ਸਿੰਘ ਜੱਸ)-ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਸ: ਪਰਮੀਤ ਸਿੰਘ ਚੱਢਾ ਦੀ ਅਗਵਾਈ ਵਿਚ ਦੇਸ਼ ਦੇ ਨਾਮਵਰ ਸਿੱਖ ਕਾਰੋਬਾਰੀਆਂ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਬੀਤੇ ਦਿਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਵਿਖੇ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨਾਲ ਆ ਰਹੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮੇਤ ਹੋਰ ਪੰਥਕ ਮਸਲਿਆਂ 'ਤੇ ਵਿਚਾਰਾਂ ਕੀਤੀਆਂ | ਇਸ ਮੌਕੇ ਭਾਰਤ ਦੇ ਦਸ ਵੱਖ-ਵੱਖ ਸੂਬਿਆਂ ਤੋਂ 30 ਤੋਂ ਵੱਧ ਸਿੱਖ ਕਾਰੋਬਾਰੀਆਂ ਤੇ ਸੰਸਥਾ ਦੇ ਮੈਂਬਰਾਂ ਨੇ ਜਥੇਦਾਰ ਗੜਗੱਜ ਨੂੰ ਸਿਰੋਪਾਓ, ਸ੍ਰੀ ਸਾਹਿਬ, ਫੁੱਲਾਂ ਦੇ ਸਿਹਰੇ ਅਤੇ ਸੁੰਦਰ ਧਾਰਮਿਕ ਤਸਵੀਰ ਭੇਟ ਕਰਕੇ ਸਨਮਾਨਿਤ ਕਰਦਿਆਂ ਤੇ ਪੰਥਕ ਅਤੇ ਕੌਮੀ ਸਰੋਕਾਰਾਂ ਨਾਲ ਜੁੜੇ ਸੁਝਾਅ ਦਿੰਦਿਆਂ ਸਿੱਖ ਸ਼ਕਤੀ ਨੂੰ ਇਕਜੁੱਟ ਕਰਕੇ ਸਾਰਥਿਕ ਢੰਗ ਨਾਲ ਕੌਮ ਦੇ ਭਵਿੱਖ ਅਤੇ ਲੋੜਵੰਦਾਂ ਦੀ ਭਲਾਈ ਲਈ ਲਗਾਉਣ ਦੀ ਅਪੀਲ ਕੀਤੀ | ਵਫਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸੰਸਥਾ ਵਲੋਂ ਸਹਿਯੋਗ ਦੇਣ ਤੇ ਦਵਾਈਆਂ ਆਦਿ ਦੇ ਲੰਗਰ ਲਗਾਊਣ ਦਾ ਵੀ ਭਰੋਸਾ ਦਿੱਤਾ | ਉਨ੍ਹਾਂ ਇਕ ਸੁਤੰਤਰ ਸਿੱਖ ਐਜੂਕੇਸ਼ਨ ਬੋਰਡ ਦੀ ਸਥਾਪਨਾ ਤੇ ਪੰਥਕ ਇਕਜੁੱਟਤਾ ਅਤੇ ਕੌਮ ਵਲੋਂ ਸਾਰਥਿਕ ਢੰਗ ਨਾਲ ਲੰਗਰ ਲਗਾਉਣ ਲਈ ਸ਼ਕਤੀ ਤੇ ਸਾਧਨ ਖਰਚ ਕਰਨ ਸੰਬੰਧੀ ਵੀ ਵਿਚਾਰਾਂ ਕੀਤੀਆਂ | ਸੰਸਥਾਂ ਦੇ ਪ੍ਰਧਾਨ ਸ. ਚੱਢਾ ਨੇ ਜਥੇਦਾਰ ਗੜਗੱਜ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਨਾਲ ਇਹ ਮੁਲਾਕਾਤ ਸਿੱਖ ਸ਼ਕਤੀ ਨੂੰ ਸਮੂਹਿਕ ਰੂਪ ਵਿਚ ਸਮਰੱਥ ਬਣਾਉਣ ਅਤੇ ਪ੍ਰਗਤੀਸ਼ੀਲ ਪੰਥਕ ਇਕਜੁੱਟਤਾ ਲਈ ਇਤਿਹਾਸਕ ਰਹੀ | ਇਸ ਮੌਕੇ ਜਥੇਦਾਰ ਨੇ ਸੰਸਥਾ ਦੇ ਮੈਂਬਰਾਂ ਨੂੰ ਪੰਜ ਕਕਾਰਾਂ ਦੇ ਧਾਰਣੀ ਹੋਣ 'ਤੇ ਅੰਮਿ੍ਤਪਾਨ ਕਰਨ ਦੀ ਵੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਿੱਖਾਂ ਦਾ ਆਰਥਿਕ ਤੌਰ ਉੱਤੇ ਤਕੜਾ ਹੋਣਾ ਵੀ ਬਹੁਤ ਜ਼ਰੂਰੀ ਹੈ | ਇਸ ਮੌਕੇ ਵਫਦ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਲੋਬਲ ਪ੍ਰਧਾਨ ਪਰਮੀਤ ਸਿੰਘ ਚੱਢਾ ਤੋਂ ਇਲਾਵਾ ਪੰਜਾਬ ਚੈਪਟਰ ਦੇ ਪ੍ਰਧਾਨ ਰਜਿੰਦਰ ਸਿੰਘ, ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਅਮਰਿੰਦਰ ਸਿੰਘ ਤੇ ਮੀਤ ਪ੍ਰਧਾਨ ਮਨਮੀਤ ਸਿੰਘ, ਹਰਿਆਣਾ ਚੈਪਟਰ ਦੇ ਚੇਅਰਮੈਨ ਹਰਪ੍ਰੀਤ ਸਿੰਘ, ਕੈਨੇਡਾ ਤੋਂ ਅਵਤਾਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਫੈਡਰੇਸ਼ਨ ਦੇ ਪ੍ਰਧਾਨ ਹਰਪਾਲ ਸਿੰਘ, ਰੁਪਿੰਦਰ ਸਿੰਘ, ਜੱਜਬੀਰ ਸਿੰਘ ਆਰਕੀਟੈਕਟ, ਜਤਿੰਦਰ ਸਿੰਘ, ਪਰਮਿੰਦਰ ਸਿੰਘ, ਅਮਰਜੀਤ ਸਿੰਘ, ਐਡਵੋਕੇਟ ਪਰਮਜੀਤ ਸਿੰਘ ਤੇਗ, ਸੁਖਵਿੰਦਰ ਸਿੰਘ ਤੇ ਹਰਮੀਤ ਸਿੰਘ ਸਲੂਜਾ ਤੇ ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਆਦਿ ਵੀ ਹਾਜ਼ਰ ਸਨ |
ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਅਹੁਦੇਦਾਰਾਂ ਵਲੋਂ ਕਾਰਜਕਾਰੀ ਜਥੇਦਾਰ ਗੜਗੱਜ ਨਾਲ ਮੁਲਾਕਾਤ <br/>
ਅਜੀਤ ਡੈਸਕ
18-07-2025