26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਹੂਲਤਾਂ ਤੋਂ ਸੱਖਣਾ ਅੰਮਿ੍ਤਸਰ, ਕਿੰਜ ਬਹਾਲ ਰੱਖੇਗਾ 'ਸਮਾਰਟ ਸਿਟੀ' ਦਾ ਰੁਤਬਾ

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)-ਸਮਾਰਟ ਸਿਟੀ ਦਾ ਰੁਤਬਾ ਹਾਸਿਲ ਕਰਨ ਵਾਲਾ ਅੰਮਿ੍ਤਸਰ ਸ਼ਹਿਰ ਕਈ ਅਜਿਹੀਆਂ ਸਹੂਲਤਾਂ ਤੋਂ ਸੱਖਣਾ ਹੈ, ਜੋ ਵਿਸ਼ੇਸ਼ ਦਰਜਾ ਪ੍ਰਾਪਤ ਸ਼ਹਿਰਾਂ ਲਈ ਲਾਜ਼ਮੀ ਮੰਨੀਆਂ ਜਾਂਦੀਆਂ ਹਨ | ਨਗਰ ਨਿਗਮ ਵਲੋਂ ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਮਾਲ ਮੰਡੀ 'ਚ ਸਥਿਤ ਐੱਸ. ਪੀ. ਦਿਹਾਤੀ ਦਫ਼ਤਰ ਦੇ ਕੋਲ ਬਣਿਆ ਸਿਟੀ ਬੱਸ ਅੱਡਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਬਾੜ ਦਾ ਰੂਪ ਧਾਰਨ ਕਰ ਚੁੱਕਿਆ ਹੈ | ਲਾਲ ਰੰਗ ਦੀਆਂ ਇਨ੍ਹਾਂ ਸਿਟੀ ਬੱਸਾਂ ਦੀਆਂ ਸੀਟਾਂ ਫੱਟ ਚੁੱਕੀਆਂ ਹਨ ਅਤੇ ਸ਼ੀਸ਼ੇ ਟੁੱਟ ਗਏ ਹਨ | ਬੱਸਾਂ ਦੇ ਅੰਦਰ ਪਿਆ ਸਾਮਾਨ ਵੀ ਚੋਰੀ ਹੋ ਚੁੱਕਿਆ ਹੈ | ਸਾਲ 2014 'ਚ ਅਕਾਲੀ-ਭਾਜਪਾ ਦੀ ਤਤਕਾਲੀ ਸੂਬਾ ਸਰਕਾਰ ਵਲੋਂ ਸ਼ਹਿਰ 'ਚ ਲੋਕਾਂ ਦੀ ਸਹੂਲਤ ਲਈ 17.80 ਕਰੋੜ ਰੁਪਏ ਦੀ ਲਾਗਤ ਨਾਲ ਇਹ 60 ਬੱਸਾਂ ਖ਼ਰੀਦੀਆਂ ਗਈਆਂ ਸਨ, ਜਿਨ੍ਹਾਂ 'ਚ 40 ਸਾਧਾਰਨ ਅਤੇ 20 ਏਅਰ ਕੰਡੀਸ਼ਨਰ ਬੱਸਾਂ ਸ਼ਾਮਿਲ ਸਨ | ਜਦਕਿ ਬਾਅਦ 'ਚ ਜਦੋਂ ਕਾਂਗਰਸ ਸਰਕਾਰ ਸੱਤਾ 'ਚ ਆਈ ਤਾਂ ਸਿਟੀ ਬੱਸ ਸੇਵਾ ਬੰਦ ਕਰਕੇ ਇਨ੍ਹਾਂ ਨੂੰ ਮਾਲ ਮੰਡੀ 'ਚ ਖਾਲੀ ਪਈ ਜ਼ਮੀਨ 'ਤੇ ਖੜ੍ਹਾ ਕਰ ਦਿੱਤਾ ਗਿਆ | ਬਾਅਦ 'ਚ 'ਆਪ' (ਆਮ ਆਦਮੀ ਪਾਰਟੀ) ਦੀ ਸਰਕਾਰ ਨੇ ਵੀ ਇਸ ਬੱਸ ਸੇਵਾ ਨੂੰ ਮੁੜ ਸ਼ੁਰੂ ਕਰਨ ਜਾਂ ਇਨ੍ਹਾਂ ਦੇ ਰੱਖ-ਰਖਾਅ ਵਲ ਕੋਈ ਧਿਆਨ ਨਹੀਂ ਦਿੱਤਾ | ਜਿਸ ਕਾਰਨ ਹੁਣ ਇਹ ਬੱਸਾਂ ਕਬਾੜ ਬਣ ਚੁੱਕੀਆਂ ਹਨ |
ਦੂਜੇ ਪਾਸੇ, 545 ਕਰੋੜ ਰੁਪਇਆਂ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਬੱਸ ਰੈਪਿਡ ਟਰਾਂਜ਼ਿਸਟ ਸਿਸਟਮ (ਬੀ. ਆਰ. ਟੀ. ਐੱਸ.) ਸੇਵਾ ਵੀ ਪ੍ਰਸ਼ਾਸਨ ਵਲੋਂ ਬਹਾਲ ਨਹੀਂ ਰੱਖੀ ਜਾ ਸਕੀ | ਦੱਸਣਯੋਗ ਹੈ ਕਿ ਇਹ ਪ੍ਰੋਜੈਕਟ ਦਸੰਬਰ 2016 'ਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲਾਂਚ ਕੀਤਾ ਸੀ ਅਤੇ ਹੁਣ ਇਹ ਬੱਸਾਂ ਵੇਰਕਾ ਚੌਕ ਨੇੜੇ ਬੱਸ ਡਿਪੂ 'ਚ ਬੇਕਾਰ ਖੜ੍ਹੀਆਂ ਹਨ | ਇਨ੍ਹਾਂ 'ਚੋਂ ਕਈ ਬੱਸਾਂ ਦੇ ਟਾਇਰ ਖ਼ਰਾਬ ਹੋ ਚੁਕੇ ਹਨ ਅਤੇ ਬਾਕੀਆਂ 'ਚ ਕਈ ਹੋਰ ਮਕੈਨੀਕਲ ਸਮੱਸਿਆਵਾਂ ਆ ਚੁੱਕੀਆਂ ਹਨ |
ਇਸ ਤੋਂ ਇਲਾਵਾ ਸ਼ਹਿਰ ਦੇ ਭੀੜ ਭਾੜ ਵਾਲੇ ਖੇਤਰ 'ਚ ਮੌਜੂਦ ਸ਼ਹੀਦ ਮਦਨ ਲਾਲ ਢੀਂਗਰਾ ਆਈ. ਐੱਸ. ਬੀ. ਟੀ. (ਇੰਟਰਸਟੈਟ ਬੱਸ ਟਰਮੀਨਲ) ਅੰਮਿ੍ਤਸਰ ਨੂੰ ਸ਼ਹਿਰ ਦੇ ਬਾਹਰਵਾਰ ਵੱਲ੍ਹਾ ਵਿਖੇ ਤਬਦੀਲ ਕੀਤੇ ਜਾਣ ਦੀ ਯੋਜਨਾ ਅਨੇਕਾਂ ਕੋਸ਼ਿਸ਼ਾਂ ਦੇ ਬਾਵਜੂਦ ਅੱਧ ਵਿਚਾਲੇ ਲਟਕੀ ਹੋਈ ਹੈ | ਮੌਜੂਦਾ ਬੱਸ ਅੱਡੇ ਦੇ ਸ਼ਹਿਰੀ ਆਬਾਦੀ 'ਚ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ 'ਚ ਸਾਰਾ ਦਿਨ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਦਕਿ ਬੱਸ ਅੱਡੇ ਦੇ ਇੱਥੋਂ ਤਬਦੀਲ ਹੋਣ ਨਾਲ ਨਾ ਸਿਰਫ਼ ਸ਼ਹਿਰ 'ਚ ਲੱਗਣ ਵਾਲੇ ਟ੍ਰੈਫਿਕ ਜਾਮ ਦਾ ਮਸਲਾ ਹੱਲ ਹੋਵੇਗਾ ਬਲਕਿ ਸਿਟੀ ਬੱਸ ਸਰਵਿਸ ਸਕੀਮ ਅਧੀਨ ਬੱਸਾਂ ਚਲਾਏ ਜਾਣ ਲਈ ਜਗ੍ਹਾ ਵੀ ਮਿਲ ਜਾਵੇਗੀ | ਦੱਸਿਆ ਜਾ ਰਿਹਾ ਹੈ ਕਿ ਅੰਤਰਰਾਜੀ ਬੱਸ ਅੱਡਾ ਸ਼੍ਰੀ ਦਰਬਾਰ ਸਾਹਿਬ ਤੋਂ ਮਹਿਜ਼ ਅੱਧਾ ਕਿੱਲੋਮੀਟਰ ਦੀ ਦੂਰੀ 'ਤੇ ਮੌਜੂਦ ਹੈ ਅਤੇ ਆਈ. ਆਈ. ਟੀ. ਦਿੱਲੀ ਤੇ ਰੁੜਕੀ ਦੀਆਂ ਰਿਪੋਰਟਾਂ ਸਪਸ਼ਟ ਕਹਿੰਦੀਆਂ ਹਨ ਕਿ ਅੰਮਿ੍ਤਸਰ ਸ਼ਹਿਰੀ ਆਬਾਦੀ 'ਚੋਂ ਬੱਸ ਅੱਡੇ ਦਾ ਬਾਹਰ ਤਬਦੀਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ | ਇਸ ਨਾਲ ਹੁੰਦੇ ਪ੍ਰਦੂਸ਼ਣ ਦਾ ਪ੍ਰਭਾਵ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਦੀ ਸੇਵਾ 'ਤੇ ਵੀ ਪੈ ਰਿਹਾ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2016 'ਚ ਉਕਤ ਖੇਤਰ 'ਚੋਂ ਬੱਸ ਅੱਡੇ ਨੂੰ ਤਬਦੀਲ ਕਰਨ ਦੀ ਫਾਈਲ ਮਨਜ਼ੂਰ ਹੋ ਗਈ ਸੀ, ਪਰ ਫਿਰ ਸਾਲ 2017 'ਚ ਪੰਜਾਬ 'ਚ ਬਣੀ ਕਾਂਗਰਸ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ | ਦੱਸਣਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਅੰਮਿ੍ਤਸਰ ਪੂਰਬੀ ਤੋਂ ਜੇਤੂ ਰਹੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਸਰਕਾਰ ਬਣਨ 'ਤੇ ਸਭ ਤੋਂ ਪਹਿਲੀ ਪ੍ਰਾਥਮਿਕਤਾ ਉਨ੍ਹਾਂ ਪ੍ਰੋਜੈਕਟਾਂ ਨੂੰ ਦਿੱਤੀ ਜਾਵੇਗੀ ਜੋ ਪਹਿਲਾਂ ਤੋਂ ਮਨਜ਼ੂਰ ਤਾਂ ਹੋ ਚੁਕੇ ਹਨ, ਪਰ ਉਨ੍ਹਾਂ ਨੂੰ ਜਾਣਬੁੱਝ ਕੇ ਰੋਕਿਆ ਗਿਆ ਹੈ | ਇਨ੍ਹਾਂ ਪ੍ਰੋਜੈਕਟਾਂ 'ਚ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਸ਼ਿਫ਼ਟ ਕਰਨਾ ਪ੍ਰਮੁੱਖਤਾ ਨਾਲ ਸ਼ਾਮਿਲ ਸੀ | ਬੀਬੀ ਨਵਜੋਤ ਕੌਰ ਸਿੱਧੂ ਨੇ ਵੀ ਮੁੱਖ ਪਾਰਲੀਮਾਨੀ ਸਕੱਤਰ ਰਹਿੰਦਿਆਂ ਕੇਂਦਰੀ ਰੱਖਿਆ ਮੰਤਰੀ ਤੋਂ ਅੰਤਰਰਾਜੀ ਬੱਸ ਟਰਮੀਨਲ ਨੂੰ ਵੱਲ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਸੀ | ਉਨ੍ਹਾਂ ਨਾਲ ਹੀ ਇਹ ਵੀ ਤਰਕ ਦਿੱਤਾ ਸੀ ਕਿ ਬੱਸ ਸਟੈਂਡ ਨੂੰ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ 'ਚੋਂ ਬਾਹਰੀ ਖੇਤਰ 'ਚ ਤਬਦੀਲ ਕਰਨ ਨਾਲ ਆਵਾਜਾਈ ਦੇ ਨਾਲ-ਨਾਲ ਪ੍ਰਦੂਸ਼ਣ 'ਤੇ ਵੀ ਫ਼ਰਕ ਪਵੇਗਾ | ਉਕਤ ਸਮੇਤ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸਤਦਾਨਾਂ ਵਲੋਂ ਵੀ ਇੰਟਰਸਟੈਟ ਬੱਸ ਟਰਮੀਨਲ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤੇ ਜਾਣ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਜੇ ਵੀ ਬੁਰ ਨਹੀਂ ਪੈ ਸਕਿਆ ਹੈ ਅਤੇ ਇਹ ਮਾਮਲਾ ਅੱਜ ਵੀ ਅੱਧ ਵਿਚਾਲੇ ਲਟਕਿਆ ਹੋਇਆ ਹੈ |
ਪਿਛਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਧਰਨਾ ਅੱਜ ਅਗਲੀ ਖ਼ਬਰ ਦੋਬੁਰਜੀ ਲਿੰਕ ਰੋਡ ਸੁਲਤਾਨਵਿੰਡ ਵਿਖੇ ਕੂੜੇ ਤੋਂ ਫੈਲੀ ਗੰਦਗੀ ਕਾਰਨ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ 'ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।