ਅੰਮਿ੍ਤਸਰ, 16 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਵਲੋਂ ਬੀਤੇ 2 ਦਿਨਾਂ ਤੋਂ ਜਹਾਜਗੜ੍ਹ ਇਲਾਕੇ ਟਰੱਕ ਸਟੈਂਡ ਸਕੀਮ ਵਿਖੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਅੱਜ ਉਸ ਵੇਲੇ ਰੁੱਕ ਗਈ ਜਦੋਂ ਸਥਾਨਕ ਦੁਕਾਨਦਾਰਾਂ ਵਲੋਂ ਹਲਕਾ ਵਿਧਾਇਕ ਤੇ ਟਰੱਸਟ ਚੇਅਰਮੈਨ ਨੂੰ ਆਪਣੇ ਕਬਜੇ ਖੁਦ 2 ਦਿਨਾਂ 'ਚ ਹਟਾਉਣ ਦੀ ਮੋਹਲਤ ਮੰਗੀ | ਮਿਲੀ ਜਾਣਕਾਰੀ ਅਨੁਸਾਰ ਉਕਤ ਇਲਾਕੇ 'ਚ ਦੁਕਾਨਦਾਰਾਂ ਦੀਆਂ ਆਪਹੁਦਰੀਆਂ ਕਾਰਨ ਜਿਥੇ ਸੀਵਰੇਜ ਬੁਰੀ ਤਰ੍ਹਾਂ ਜਾਮ ਹੋਇਆ ਪਿਆ ਹੈ ਉਥੇ ਹੀ ਨਾਜਾਇਜ਼ ਕਬਜ਼ਿਆਂ ਕਾਰਨ ਸੜਕਾਂ ਆਪਣੀ ਹੋਂਦ ਗੁਆ ਚੁੱਕੀਆਂ ਹਨ | ਦੁਕਾਨਦਾਰਾਂ ਨੇ ਥਾਂ-ਥਾਂ 'ਤੇ ਰੇਤਾ ਸੁੱਟ ਕੇ ਨਾਜਾਇਜ਼ ਕਬਜੇ ਕੀਤੇ ਹੋਏ ਹਨ | ਬੀਤੇ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਇਸ ਵੇਲੇ ਟਰੱਕ ਸਟੈਂਡ ਸਕੀਮ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ ਅਤੇ ਗੰਦਗੀ ਕਾਰਨ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੈ | ਇਸ ਦੌਰਾਨ ਨਗਰ ਸੁਧਾਰ ਟਰੱਸਟ ਦੇ ਐਕਸੀਅਨ ਇੰਜੀ: ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਟਰੱਕ ਸਟੈਂਡ ਸਕੀਮ ਵਿਖੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਬੀਤੇ 2 ਦਿਨਾਂ ਤੋਂ ਲਗਾਤਾਰ ਕਾਰਵਾਈ ਕਰਕੇ ਕਬਜੇ ਵਾਲਾ ਸਾਜੋ ਸਾਮਾਨ ਕਬਜ਼ੇ 'ਚ ਲਿਆ ਜਾ ਰਿਹਾ ਹੈ ਪਰ ਅੱਜ ਉਕਤ ਇਲਾਕੇ ਦੇ ਦੁਕਾਨਦਾਰਾਂ ਨੇ ਵਿਧਾਇਕਾ ਜੀਵਨਜੋਤ ਕੌਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੂੰ ਆਪਣਾ ਸਾਮਾਨ 2 ਦਿਨਾਂ 'ਚ ਸੜਕਾਂ ਤੋਂ ਹਟਾਉਣ ਦਾ ਸਮਾਂ ਲਿਆ ਹੈ |