29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਗਰ ਨਿਗਮ ਵਲੋਂ ਵਿਰਾਸਤੀ ਮਾਰਗ 'ਤੇ ਸ਼ਹਿਰ ਦੇ ਹੋਰ ਹਿੱਸਿਆਂ 'ਚੋਂ ਹਟਾਏ ਨਾਜਾਇਜ਼ ਕਬਜ਼ੇ

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀਆਂ ਹਦਾਇਤਾਂ 'ਤੇ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਵਿਰਾਸਤੀ ਮਾਰਗ ਤੋਂ ਇਲਾਵਾ ਸ਼ਹਿਰ ਦੇ ਹੋਰ ਹਿੱਸਿਆਂ ਭੰਡਾਰੀ ਪੁੱਲ ਤੋਂ ਗੋਬਿੰਦਗੜ ਕਿਲ੍ਹਾ, ਮਾਲ ਰੋਡ, ਜੀ. ਟੀ. ਰੋਡ ਆਦਿ ਤੋਂ ਨਾਜਾਇਜ਼ ਕਬਜੇ ਹਟਾਉਣ ਸੰਬੰਧੀ ਕਾਰਵਾਈ ਕੀਤੀ ਗਈ | ਜਿਸ ਦੀ ਅਗਵਾਈ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਅਮਨ ਕੁਮਾਰ ਇੰਸਪੈਕਟਰ ਅਤੇ ਅਰੁਣ ਸਹਿਜ ਪਾਲ ਤੋਂ ਇਲਾਵਾ ਪੁਲਿਸ ਪਾਰਟੀ ਵੀ ਮੌਜੂਦ ਸੀ |
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੰਯੁਕਤ ਕਮਿਸ਼ਨਰ ਜੈਂ ਇੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆ 'ਚ ਹੋਏ ਨਾਜਾਇਜ਼ ਕਬਜਿਆਂ ਸੰਬੰਧੀ ਸ਼ਿਕਾਇਤਾਂ ਆ ਰਹੀਆਂ ਸਨ | ਜ਼ਿਨ੍ਹਾਂ ਨੂੰ ਹਟਾਉਣ ਲਈ ਨਿਗਮ ਕਮਿਸ਼ਨਰ ਵਲੋਂ ਵੀ ਬਾਰ-ਬਾਰ ਸ਼ਹਿਰ ਵਾਸੀਆਂ ਨੂੰ ਆਪ ਹੀ ਨਾਜਾਇਜ਼ ਕਬਜ਼ੇ ਹਟਾਉਣ ਸੰਬੰਧੀ ਅਪੀਲ ਕੀਤੀ ਜਾ ਰਹੀ ਸੀ | ਇਸ ਤੋਂ ਇਲਾਵਾ ਮਾਲ ਰੋਡ ਕੰਪਨੀ ਬਾਗ ਅਤੇ ਭੰਡਾਰੀ ਪੁੱਲ ਦੇ ਥੱਲੇ ਗੋਬਿੰਦਗੜ੍ਹ ਕਿਲੇ ਤੱਕ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਸੀ ਜਿਸ ਕਰਕੇ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਨਾਜਾਇਜ਼ ਕਬਜੇ ਹਟਾਉਣ ਵਾਸਤੇ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਹੈਰੀਟੇਜ ਸਟਰੀਟ ਜਿਥੇ ਕਿ ਲੋਕਾਂ ਦਾ ਬੜਾ ਆਉਣਾ ਜਾਣਾ ਹੁੰਦਾ ਹੈ, ਤੋਂ ਵੀ ਇਹ ਨਾਜਾਇਜ਼ ਕਬਜੇ ਹਟਾ ਕੇ ਸਾਮਾਨ ਜ਼ਬਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਭੰਡਾਰੀ ਪੁੱਲ ਦੇ ਥਲੇ ਵੀ ਅਣ-ਅਧਿਕਾਰਤ ਤਰੀਕੇ ਨਾਲ ਲੱਗਾ ਸਾਮਾਨ ਵਿਭਾਗ ਦੇ ਵਲੋਂ ਜ਼ਬਤ ਕਰ ਲਿਆ ਗਿਆ ਹੈ | ਜੀ. ਟੀ. ਰੋਡ ਅਤੇ ਕੰਪਨੀ ਬਾਗ ਦੇ ਬਾਹਰ ਲਗੀਆਂ ਰੇਹੜੀਆਂ ਫੜੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ | ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਨਿਗਮ ਵਲੋਂ ਨਾਜਾਇਜ਼ ਕਬਜੇ ਹਟਾਉਣ ਸੰਬੰਧੀ ਕਾਰਵਾਈ ਲਗਾਤਾਰ ਜਾਰੀ ਰਹੇਗੀ | ਉਨ੍ਹਾਂ ਅਪੀਲ ਕੀਤੀ ਕਿ ਲੋਕ ਖੁਦ ਹੀ ਨਾਜਾਇਜ਼ ਕਬਜ਼ੇ ਅਤੇ ਸੜਕਾਂ 'ਤੇ ਲਗਾਇਆ ਸਾਮਾਨ ਹਟਾ ਲੈਣ ਨਹੀਂ ਤਾਂ ਨਿਗਮ ਵਲੋਂ ਇਹ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਵਾਪਸ ਨਹੀਂ ਕੀਤਾ ਜਾਵੇਗਾ |
ਪਿਛਲੀ ਖ਼ਬਰ ਡੇਰਾਬੱਸੀ ਦੀ ਮਹਿਲਾ ਜੱਜ ਦੇ ਗੰਨਮੈਨ ਦੀ ਸ਼ੱਕੀ ਹਾਲਤ 'ਚ ਮੌਤ, ਖ਼ੁਦਕੁਸ਼ੀ ਦਾ ਖ਼ਦਸ਼ਾ <br/> ਅਗਲੀ ਖ਼ਬਰ ਸੀਵਰਮੈਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦਫ਼ਤਰ ਵਿਖੇ ਕੀਤਾ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।