ਚੰਡੀਗੜ੍ਹ, 16 ਜੁਲਾਈ (ਸੰਦੀਪ ਕੁਮਾਰ ਮਾਹਨਾ)- ਪੰਜਾਬ ਭਾਜਪਾ ਨੇ ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਤਿਆਰੀ ਖਿੱਚ ਲਈ ਹੈ | ਪਾਰਟੀ ਵਲੋਂ ਇਸ ਲਈ ਪੰਜਾਬ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਇੰਚਾਰਜ ਨਿਯੁਕਤ ਕੀਤਾ ਹੈ, ਜਦਕਿ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਕੇ.ਡੀ. ਭੰਡਾਰੀ ਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਚੋਣ ਕਮਿਸ਼ਨ ਵਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਭਾਂਵੇ ਅਜੇ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਭਾਜਪਾ ਨੇ ਹੁਣੇ ਤੋਂ ਹੀ ਇਸ ਦੇ ਲਈ ਕਮਰਕੱਸੇ ਕਰ ਲਏ ਹਨ | ਸੂਬੇ 'ਚ ਭਾਜਪਾ ਦੇ ਵੋਟ ਫ਼ੀਸਦ 'ਚ ਹੋਏ ਵਾਧੇ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਆਗੂਆਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਜਿਸਦੀ ਮਿਸਾਲ ਲੁਧਿਆਣਾ ਪੱਛਮੀ ਸੀਟ ਲਈ ਹੋਈ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਮਿਲੇ ਵੋਟ ਫ਼ੀਸਦ ਤੋਂ ਮਿਲਦੀ ਹੈ, ਜਿਨ੍ਹਾਂ ਦਾ 10 ਦਿਨਾਂ ਦੇ ਚੋਣ ਪ੍ਰਚਾਰ ਦੌਰਾਨ 23 ਹਜ਼ਾਰ ਦੇ ਕਰੀਬ (22.54 ਫ਼ੀਸਦੀ) ਵੋਟਾਂ ਹਾਸਲ ਕੀਤੀਆਂ | ਭਾਜਪਾ ਦਾ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ 'ਚ ਵੀ ਆਧਾਰ ਮਜ਼ਬੂਤ ਹੋਇਆ ਹੈ | ਇਸੇ ਦੇ ਚੱਲਦਿਆਂ ਸੂਬਾ ਭਾਜਪਾ ਵਲੋਂ ਹੁਣੇ ਤੋਂ ਹੀ ਜ਼ਿਮਨੀ ਚੋਣਾਂ ਦੀ ਤਿਆਰੀ ਖਿੱਚ ਲਈ ਗਈ ਹੈ |