ਅੰਮਿ੍ਤਸਰ, 15 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬਾਰਡਰ ਅਤੇ ਦਿਹਾਤੀ ਇਲਾਕੇ ਵਾਲੇ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਹਾਸਲ ਕਰਨ ਦੇ ਮੌਕੇ ਵਧਾਉਣ ਲਈ ਇਕ ਹੋਰ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ, ਜਿਸ 'ਚ ਯੂਨੀਵਰਸਿਟੀ ਵਲੋਂ ਉਕਤ ਵਰਗਾਂ ਹੇਠ ਵੱਖ-ਵੱਖ ਕੋਰਸਾਂ 'ਚ ਖਾਲੀ ਰਹਿ ਗਈਆਂ ਸੀਟਾਂ 'ਤੇ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ 17 ਜੁਲਾਈ ਤੱਕ ਅੰਤਿਮ ਮੌਕਾ ਦਿੱਤਾ ਗਿਆ ਹੈ | ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਦਾਖਲਾ ਅਰਜ਼ੀ ਦੌਰਾਨ ਬਾਰਡਰ ਜਾਂ ਰੂਰਲ ਵਰਗ ਦੀ ਚੋਣ ਨਹੀਂ ਕੀਤੀ ਸੀ ਜਾਂ ਅਣਜਾਣੇ 'ਚ ਛੱਡ ਦਿੱਤਾ ਸੀ, ਜਿਸ ਕਾਰਨ ਕਈ ਸੀਟਾਂ ਖਾਲੀ ਰਹਿ ਗਈਆਂ | ਹੁਣ ਇਨ੍ਹਾਂ ਉਮੀਦਵਾਰਾਂ ਨੂੰ ਆਪਣਾ ਵਰਗ ਦਰਜ ਕਰਵਾਉਣ ਲਈ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ | ਵਿਦਿਆਰਥੀ ਆਪਣੇ ਬਾਰਡਰ ਜਾਂ ਰੂਰਲ ਏਰੀਆ ਸਰਟੀਫਿਕੇਟ ਨਾਲ ਆਈ. ਟੀ. ਸਲਿਊਸ਼ਨ ਦਫ਼ਤਰ, ਮਹਾਰਾਜਾ ਰਣਜੀਤ ਸਿੰਘ ਭਵਨ (ਮੁੱਖ ਲਾਇਬ੍ਰੇਰੀ ਦੇ ਸਾਹਮਣੇ), ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਿਪੋਰਟ ਕਰ ਸਕਦੇ ਹਨ | ਇਸ ਸੰਬੰਧੀ ਡੀਨ ਅਕੈਡਮਿਕ ਅਫੇਅਰਜ਼ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਬਾਰਡਰ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਕੋਰਸਾਂ 'ਚ 5-5 ਫੀਸਦੀ ਵਾਧੂ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜੋ ਸੈਂਕੜੇ ਵਿਦਿਆਰਥੀਆਂ ਲਈ ਨਵੀਂ ਉਡੀਕ ਬਣ ਸਕਦੀਆਂ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ 17 ਜੁਲਾਈ ਤੋਂ ਬਾਅਦ ਦਾਖਲਾ ਪ੍ਰਕਿਰਿਆ ਮੈਰਿਟ ਦੇ ਆਧਾਰ 'ਤੇ ਹੋਵੇਗੀ ਅਤੇ ਕੌਂਸਲਿੰਗ ਦਾ ਸਮਾਂ ਅਤੇ ਤਰੀਕ ਯੂਨੀਵਰਸਿਟੀ ਦੀ ਅਧਿਕਾਰਕ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ | ਉਪ-ਕੁਲਪਤੀ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਲਾਭ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ, ਇਹ ਪਹਿਲਕਦਮੀ ਸਰਹੱਦੀ ਤੇ ਦਿਹਾਤੀ ਇਲਾਕਿਆਂ ਦੇ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਵੱਲ ਲਿਆਂਦੇ ਹੋਏ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਵੇਗੀ |