ਅੰਮਿ੍ਤਸਰ, 15 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਵਲੋਂ ਅੱਜ ਦੂਜੇ ਦਿਨ ਵੀ ਐਕਸੀਅਨ ਅਮਨਦੀਪ ਸਿੰਘ ਬਾਬਾ ਦੀ ਅਗਵਾਈ ਹੇਠ ਜਹਾਜ਼ਗੜ੍ਹ 'ਚੋਂ ਜਿਥੇ ਨਾਜਾਇਜ਼ ਕਬਜ਼ੇ ਹਟਾਏ ਗਏ ਉਥੇ ਹੀ ਨਾਮਵਰ ਕਾਰੋਬਾਰੀ ਵਲੋਂ ਕੀਤੀ ਜਾ ਰਹੀ ਨਾਜਾਇਜ਼ ਉਸਾਰੀ 'ਤੇ ਪੀਲਾ ਪੰਜਾ ਵੀ ਚਲਾਇਆ ਗਿਆ | ਹਲਕਾ ਵਿਧਾਇਕ ਜੀਵਨਜੋਤ ਕੌਰ ਅਤੇ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੇ. ਸੀ. ਬੀ., ਟਰੈਕਟਰ ਟਰਾਲੀਆਂ ਅਤੇ ਟਿੱਪਰਾਂ ਸਮੇਤ ਪਹੁੰਚੀ ਟਰੱਸਟ ਟੀਮ ਵਲੋਂ ਵੱਡੇ ਪੱਧਰ 'ਤੇ ਉਕਤ ਇਲਾਕੇ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਸੜਕਾਂ ਖਾਲੀ ਕਰਵਾਈਆਂ | ਇਸ ਦੌਰਾਨ ਉਕਤ ਇਲਾਕੇ ਦਾ ਸੀਵਰੇਜ਼ ਵੀ ਸਾਫ ਕੀਤਾ ਗਿਆ ਜੋ ਕਿ ਪਿਛਲ਼ੇ ਕਈ ਮਹੀਨਿਆਂ ਤੋਂ ਸਫਾਈ ਨਾ ਹੋਣ ਕਰਕੇ ਜਾਮ ਸੀ ਅਤੇ ਗੰਦਾ ਪਾਣੀ ਓਵਰਫਲੋ ਹੋ ਰਿਹਾ ਸੀ | ਇਸ ਮੌਕੇ ਐਕਸੀਅਨ ਅਮਨਦੀਪ ਸਿੰਘ ਅਤੇ ਐੱਸ. ਡੀ. ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵਲੋਂ ਜਹਾਜ਼ਗੜ੍ਹ ਇਲਾਕੇ ਨੂੰ ਜਲਦ ਹੀ ਮੁਕੰਮਲ ਤੌਰ 'ਤੇ ਕਬਜ਼ਿਆ ਤੋਂ ਮੁਕਤ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਨਾਜਾਇਜ਼ ਉਸਾਰੀਆਂ ਬਰਦਾਸ਼ਤ ਨਹੀਂ ਹੋਣਗੀਆਂ ਅਤੇ ਜਾਮ ਸੀਵਰੇਜ਼ ਸਮੇਤ ਹੋਰ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰਕੇ ਵਿਕਾਸ ਕਾਰਜ ਕਰਵਾਏ ਜਾਣਗੇ | ਉਨ੍ਹਾਂ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਇਸ ਇਲਾਕੇ ਨੂੰ ਸੁੰਦਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਟਰੱਸਟ ਦਾ ਸਹਿਯੋਗ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ |