21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰੋਡਵੇਜ਼ ਵਰਕਸ਼ਾਪ 'ਚ ਮੀਂਹ ਦਾ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਦਾ ਕੌਣ ਕਰੇਗਾ ਹੱਲ..?

ਅਜੀਤ ਡੈਸਕ 16-07-2025
ਅੰਮਿ੍ਤਸਰ, 15 ਜੁਲਾਈ (ਗਗਨਦੀਪ ਸ਼ਰਮਾ)-ਅੰਮਿ੍ਤਸਰ 'ਚ ਮੀਂਹ ਪੈਣ 'ਤੇ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਅਕਸਰ ਝੀਲ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਪਰ ਅੱਜ ਤੱਕ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ | ਰੋਡਵੇਜ਼ ਜਨਰਲ ਮੈਨੇਜਰਾਂ ਵਲੋਂ ਸਮੇਂ-ਸਮੇਂ 'ਤੇ ਨਿਗਮ ਪ੍ਰਸ਼ਾਸਨ ਨੂੰ ਇਸ ਸੰਬੰਧੀ ਪੱਤਰ ਲਿਖ ਕੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਕਰਨ ਦੀ ਗੁਜ਼ਾਰਿਸ਼ ਵੀ ਕੀਤੀ ਜਾਂਦੀ ਰਹੀ ਹੈ ਲੇਕਿਨ ਅਜੇ ਤੱਕ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਰੋਡਵੇਜ਼ ਅਧਿਕਾਰੀਆਂ ਵਲੋਂ ਇਹ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਇਕ ਤਾਂ ਬਾਹਰਲੇ ਪਾਸੇ ਕਈ ਵਾਰ-ਵਾਰ ਸੜਕ ਬਨਣ ਕਰਕੇ ਵਰਕਸ਼ਾਪ ਨੀਵੀਂ ਹੋ ਗਈ ਹੈ ਅਤੇ ਦੂਜਾ ਗਊਸ਼ਾਲਾ ਨੇੜੇ ਹੋਣ ਕਰਕੇ ਸੀਵਰੇਜ ਅਕਸਰ ਜਾਮ ਰਹਿੰਦਾ ਹੈ | ਇਸ ਕਾਰਨ ਬਰਸਾਤਾਂ ਦੇ ਦਿਨਾਂ 'ਚ ਸੜਕ ਦਾ ਸਾਰਾ ਪਾਣੀ ਵਰਕਸ਼ਾਪ 'ਚ ਭਰ ਜਾਂਦਾ ਹੈ | ਇਸ ਲਈ ਉਨ੍ਹਾਂ ਵਲੋਂ ਨਿਗਮ ਪ੍ਰਸ਼ਾਸਨ ਨੂੰ ਵੱਖ-ਵੱਖ ਸਮੇਂ ਨਿਗਮ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਨ੍ਹਾਂ ਦੋਵਾਂ ਸਮੱਸਿਆਵਾਂ ਦਾ ਪੱਕੇ ਤੌਰ 'ਤੇ ਹੱਲ ਕਰਨ ਦੀ ਬੇਨਤੀ ਕੀਤੀ ਜਾਂਦੀ ਰਹੀ | ਇਸ ਲੜੀ ਦੇ ਤਹਿਤ ਪੰਜਾਬ ਰੋਡਵੇਜ਼ ਅੰਮਿ੍ਤਸਰ-1 ਡਿਪੂ ਦੇ ਮੌਜੂਦਾ ਜਨਰਲ ਮੈਨੇਜਰ ਪਰਮਜੀਤ ਸਿੰਘ ਸੰਧੂ ਵਲੋਂ ਵੀ ਬੀਤੇ ਸ਼ੁੱਕਰਵਾਰ ਨਿਗਮ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਗੁਜਾਰਿਸ਼ ਕੀਤੀ ਗਈ ਸੀ | ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਪੱਤਰ ਨੂੰ ਭੇਜਿਆ ਅੱਜ ਤਕਰੀਬਨ ਪੰਜ ਦਿਨ ਬੀਤ ਚੁੱਕੇ ਹਨ, ਪਰ ਨਿਗਮ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਵਰਕਸ਼ਾਪ ਨਹੀਂ ਪੁੱਜਿਆ | ਇਕ ਅਧਿਕਾਰੀ ਨੇ ਮਸ਼ੀਨ ਭੇਜਣ ਦਾ ਭਰੋਸਾ ਦਿੱਤਾ ਸੀ, ਪਰ ਉਹ ਮਸ਼ੀਨ ਵੀ ਨਹੀਂ ਪਹੁੰਚੀ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ-1 ਅਤੇ ਅੰਮਿ੍ਤਸਰ-2 ਡਿਪੂ 'ਚ ਮੀਂਹ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਆਉਣਾ-ਜਾਣਾ ਮੁਸ਼ਕਿਲ ਹੋਇਆ ਪਿਆ ਸੀ, ਉੱਥੇ ਹੀ ਭਿਆਨਕ ਬਿਮਾਰੀਆਂ ਫ਼ੈਲਣ ਦਾ ਡਰ ਸਤਾਉਣ ਲੱਗ ਪਿਆ ਸੀ | ਆਖੀਰ ਉਨ੍ਹਾਂ ਹਾਲ ਦੀ ਘੜੀ ਆਪਣੇ ਪੱਧਰ 'ਤੇ ਟੁੱਲੂ ਪੰਪ ਦੇ ਨਾਲ ਇਸ ਪਾਣੀ ਨੂੂੰ ਬਾਹਰ ਕੱਢਵਾ ਦਿੱਤਾ | ਦੂਜੇ ਪਾਸੇ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਉਨ੍ਹਾਂ ਨੂੰ ਜਨਰਲ ਮੈਨੇਜਰ ਵਲੋਂ ਲਿਖਿਆ ਕੋਈ ਪੱਤਰ ਨਹੀਂ ਮਿਲਿਆ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਰਕਸ਼ਾਪ ਸਮੂਹ ਦੇ ਅੰਦਰ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਸੰਬੰਧਿਤ ਮੈਨੇਜਮੈਂਟ ਦੀ ਖ਼ੁਦ ਦੀ ਹੈ |
ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਜਹਾਜ਼ਗੜ੍ਹ 'ਚ ਦੂਜੇ ਦਿਨ ਵੀ ਕਾਰਵਾਈ ਜਾਰੀ ਅਗਲੀ ਖ਼ਬਰ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ :ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਅੱਜ ਸਜਾਇਆ ਜਾਵੇਗਾ ਤੀਜਾ 'ਜੀਵਨ ਜੁਗਤਿ ਸਮਾਗਮ'...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।