ਅਬੋਹਰ, 3 ਦਸੰਬਰ(ਵਿਵੇਕ ਹੂੜੀਆ)-ਅਬੋਹਰ ਸ਼ਹਿਰ ਦੇ ਵਸਨੀਕ ਅਤੇ ਅਬੋਹਰ ਪੈਡਲਰ ਕਲੱਬ ਦੇ ਮੈਂਬਰ ਨੇ ਸਾਬਤ ਕਰ ਦਿੱਤਾ ਹੈ ਕਿ ਜਿੱਥੇ ਹੌਸਲੇ ਬੁਲੰਦ ਹੁੰਦੇ ਹਨ ਉੱਥੇ ਮੰਜ਼ਿਲਾਂ ਵੀ ਛੋਟੀਆਂ ਲੱਗਦੀਆਂ ਹਨ | ਅਬੋਹਰ ਵਾਸੀ ਹਰਜੀਤ ਸਿੰਘ ਹਜ਼ਾਰਾ ਨੇ 31 ਦਿਨਾਂ ਵਿਚ ਸਾਈਕਲ 'ਤੇ ਲਗਭਗ 3926 ਕਿੱਲੋਮੀਟਰ ਦੀ ਯਾਤਰਾ ਪੂਰੀ ਕੀਤੀ ਹੈ | ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਇਹ ਉਨ੍ਹਾਂ ਦੀ ਦੂਜੀ ਸਾਈਕਲ ਯਾਤਰਾ ਸੀ | ਅਬੋਹਰ ਪਹੁੰਚਣ 'ਤੇ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਅਬੋਹਰ ਪਹੁੰਚੇ ਹਰਜੀਤ ਸਿੰਘ ਹਜ਼ਾਰਾ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਅਤੇ ਉਨ੍ਹਾਂ ਦੀ ਜਵਾਨੀ ਨੂੰ ਬਚਾਉਣ ਦੀ ਲੋੜ ਹੈ | ਇਸ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਕਿਸੇ ਨਾ ਕਿਸੇ ਖੇਡ ਵਿਚ ਸ਼ਾਮਲ ਹੋਣਾ ਚਾਹੀਦਾ ਹੈ, ਇਸ ਨਾਲ ਉਨ੍ਹਾਂ ਦਾ ਸਰੀਰ ਅਤੇ ਮਨ ਤੰਦਰੁਸਤ ਰਹੇਗਾ | ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਅਰੁਣਾਚਲ ਪ੍ਰਦੇਸ਼ ਦੇ ਇਕ ਪਿੰਡ ਤੋਂ ਗੁਜਰਾਤ ਦੇ ਕਾਰਸ਼ੇਵਰ ਪਿੰਡ ਤੱਕ ਸਾਈਕਲ ਰਾਹੀਂ ਲਗਭਗ 3926 ਕਿੱਲੋਮੀਟਰ ਦੀ ਯਾਤਰਾ 31 ਦਿਨਾਂ ਵਿਚ ਪੂਰੀ ਕੀਤੀ ਹੈ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦੇਣਾ ਸੀ | ਇਸ ਯਾਤਰਾ ਵਿਚ ਬਠਿੰਡਾ ਅਤੇ ਗੰਗਾਨਗਰ ਤੋਂ ਚਾਰ ਹੋਰ ਸਾਥੀ ਵੀ ਉਸ ਦੇ ਸਮੂਹ ਵਿਚ ਸ਼ਾਮਲ ਸਨ | ਹਰਜੀਤ ਸਿੰਘ ਨੇ ਦੱਸਿਆ ਕਿ ਸਾਲ 2019 ਵਿਚ ਵੀ ਉਸ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ 'ਤੇ ਯਾਤਰਾ ਕੀਤੀ ਸੀ | ਹਰਜੀਤ ਸਿੰਘ ਦੀ ਇਸ ਵਿਲੱਖਣ ਸਾਈਕਲ ਯਾਤਰਾ ਨੂੰ ਦੇਖ ਕੇ ਸ਼ਹਿਰ ਦੇ ਨੌਜਵਾਨ ਵੀ ਪ੍ਰੇਰਿਤ ਹੋ ਰਹੇ ਹਨ |