ਅਬੋਹਰ, 19 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਗੌਰਮਿੰਟ ਪੈਨਸ਼ਨਰ ਯੂਨੀਅਨ ਅਬੋਹਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਦੀ ਅਗਵਾਈ ਹੇਠ ਕੈਨਾਲ ਕਾਲੋਨੀ ਸਥਿਤ ਦਫ਼ਤਰ ਵਿਖੇ ਹੋਈ ਜਿਸ ਵਿਚ ਰੇਸ਼ਮ ਲਾਲ ਰੰਗੀਲਾ, ਇੰਜੀਨੀਅਰ ਭਗਵਾਨ ਦਾਸ, ਰਾਜਿੰਦਰ ਸਿੰਘ, ਉਦੇਪਾਲ ਸਿੰਘ ਕਾਨੂੰਗੋ ਆਦਿ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ | ਪ੍ਰਧਾਨ ਰੇਸ਼ਮ ਲਾਲ ਰੰਗੀਲਾ ਨੇ ਕਿਹਾ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਿਕੰਮੀ ਅਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੈਨਸ਼ਨਰਾਂ ਦਾ ਰਿਵਾਈਜ਼ਡ ਪੈਨਸ਼ਨ ਦੇ ਬਕਾਇਆ ਫ਼ੰਡ ਦੇਣ ਵਿਚ ਵੰਡੀ ਪਾ ਕੇ 85 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 2 ਕਿਸ਼ਤਾਂ ਵਿਚ, 75 ਤੋਂ 85 ਸਾਲ ਤੱਕ 12 ਕਿਸ਼ਤਾਂ ਵਿਚ, 75 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ 42 ਕਿਸ਼ਤਾਂ ਵਿਚ ਬਕਾਇਆ ਦੇਣ ਦਾ ਪੱਤਰ ਜਾਰੀ ਕੀਤਾ ਹੈ | ਇਸ ਤਰ੍ਹਾਂ ਜਨਵਰੀ 2028 ਤੱਕ ਬਕਾਇਆ ਦਿੱਤਾ ਜਾਵੇਗਾ ਜਦ ਕਿ ਸਰਕਾਰ ਦੀ ਮਿਆਦ ਫਰਵਰੀ 2027 ਵਿਚ ਖ਼ਤਮ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਜੁਲਾਈ 2021 ਤੋਂ ਲੈ ਕੇ ਹੁਣ ਤੱਕ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਦੇਣ ਤੋਂ ਪੰਜਾਬ ਸਰਕਾਰ ਭੱਜ ਰਹੀ ਹੈ | ਇਸ ਤੋਂ ਇਲਾਵਾ ਰਾਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜੁਲਾਈ 2023 ਨੂੰ 4 ਫ਼ੀਸਦੀ, ਜਨਵਰੀ 2024 ਨੂੰ 4 ਫ਼ੀਸਦੀ, ਜੁਲਾਈ 2024 ਨੂੰ 3 ਫ਼ੀਸਦੀ, ਜਨਵਰੀ 2025 ਨੂੰ 2 ਫ਼ੀਸਦੀ, ਜੁਲਾਈ 2025 ਨੂੰ 3 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕੀਆਂ ਹੋਈਆਂ ਹਨ | ਜਿਸ ਕਾਰਨ ਕਰਮਚਾਰੀ ਤੇ ਪੈਨਸ਼ਨਰਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੱਧ ਮਹਿੰਗਾਈ ਵਿਚ ਮੁਲਾਜ਼ਮ ਪਿਸ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰ ਅਤੇ ਮੁਲਾਜ਼ਮਾਂ ਦੇ ਪੈਨਸ਼ਨ ਮੰਗ ਮੰਨਣ ਵਿਚ ਨਾਕਾਮ ਰਹੀ ਹੈ ਅਤੇ ਇਕ ਪਾਸੇ ਰੈਵੀਨਿਊ ਵਿਚ ਵਾਧੇ ਦਾ ਢੰਡੋਰਾ ਪਿੱਟ ਰਹੀ ਹੈ | ਇੰਜੀਨੀਅਰ ਭਗਵਾਨ ਦਾਸ ਨੇ ਕਿਹਾ ਕਿ 2.59 ਗੁਣਾਂਕ ਜੋ ਕਿ ਪਿਛਲੀ ਸਰਕਾਰ ਵਲ਼ੋਂ ਦੇਣ ਲਈ ਕੈਬਿਨਟ ਵਿਚ ਮਤਾ ਪਾਸ ਕੀਤਾ ਸੀ, ਉਹ ਵੀ ਲਾਗੂ ਨਾ ਕਰਕੇ ਬਜ਼ੁਰਗ ਪੈਨਸ਼ਨਾਂ 'ਤੇ ਪੰਜਾਬ ਸਰਕਾਰ ਜ਼ੁਲਮ ਕਰ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਉਕਤ ਮੰਗਾਂ ਨੂੰ ਤੁਰੰਤ ਮੰਨ ਕੇ ਪੱਤਰ ਜਾਰੀ ਕੀਤਾ ਜਾਵੇ | ਇਸ ਮੀਟਿੰਗ ਵਿਚ ਰਵੀਕਾਂਤ, ਨਰਿੰਦਰ ਸ਼ਰਮਾ ਕਾਨੂੰਗੋ, ਬੂਟਾ ਸਿੰਘ ਕਾਨੂੰਗੋ, ਕਿ੍ਸ਼ਨ ਪਟਵਾਰੀ, ਹਰਮਿੰਦਰ ਸਿੰਘ ਪਟਵਾਰੀ, ਇੰਜੀਨੀਅਰ ਰਮੇਸ਼ ਸਚਦੇਵਾ, ਪਿ੍ਥੀ ਰਾਜ ਗੁੰਮਜਾਲ, ਇੰਜੀਨੀਅਰ ਕਾਂਸ਼ੀ ਰਾਮ, ਇੰਜੀਨੀਅਰ ਜਗਰੂਪ ਸਿੰਘ, ਇੰਜੀਨੀਅਰ ਸੁਧੀਰ ਕੁਮਾਰ ਆਦਿ ਹਾਜ਼ਰ ਰਹੇ |