ਮੰਡੀ ਅਰਨੀਵਾਲਾ,7 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਮੂਲਿਆਂ ਵਾਲੀ ਦੇ ਕਿਸਾਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਫ਼ਸਲ ਨਾ ਹੋਣ ਦਾ ਸੰਤਾਪ ਭੋਗਣਾ ਪੈ ਰਿਹਾ ਹੈ | ਪਿੰਡ ਦੇ ਕਰੀਬ 400 ਏਕੜ ਰਕਬੇ ਵਿਚ ਹਰ ਸਾਲ ਬਾਰਸ਼ ਦੇ ਪਾਣੀ ਕਾਰਨ ਫ਼ਸਲ ਨੁਕਸਾਨੀ ਜਾ ਰਹੀ ਹੈ | ਜਿਸ ਕਰਕੇ ਕਿਸਾਨਾਂ ਦੀ ਫ਼ਸਲ ਨਹੀਂ ਹੋ ਰਹੀ ਉੱਤੋਂ ਦੁੱਖ ਦੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਇਸ ਬਦਲੇ ਸਰਕਾਰ ਵਲੋਂ ਮੁਆਵਜ਼ਾ ਵੀ ਨਹੀਂ ਮਿਲ ਰਿਹਾ | ਕਿਸਾਨ ਮੁਆਵਜ਼ਾ ਨਹੀਂ ਚਾਹੁੰਦੇ ਸਗੋਂ ਜ਼ਮੀਨ ਵਿਚ ਖੜ੍ਹਦੇ ਪਾਣੀ ਦੇ ਨਿਕਾਸ ਦੀ ਮੰਗ ਕਰ ਰਹੇ ਹਨ | ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਦੂਜੇ ਪਿੰਡਾਂ ਜਿਸ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡ ਸ਼ਾਮਿਲ ਹਨ, ਦਾ ਪਾਣੀ ਬਾਰਸ਼ ਦੇ ਦਿਨਾਂ ਵਿਚ ਉਨ੍ਹਾਂ ਦੇ ਪਿੰਡ ਪਹੁੰਚ ਜਾਂਦਾ ਹੈ 'ਤੇ ਅੱਗੋਂ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਉਨ੍ਹਾਂ ਦੇ ਪਿੰਡ ਦੇ 400 ਏਕੜ ਰਕਬੇ ਵਿਚ ਪਾਣੀ ਜਮ੍ਹਾਂ ਹੋ ਜਾਂਦਾ ਹੈ | ਜਿਸ ਕਾਰਨ ਉਨ੍ਹਾਂ ਦੀ ਹਰ ਸਾਲ ਫ਼ਸਲ ਖ਼ਰਾਬ ਹੋ ਰਹੀ ਹਨ | ਕਿਸਾਨ ਅਜੇ ਕੁਮਾਰ, ਗੁਰਮੀਤ ਸਿੰਘ ਬਰਾੜ, ਸੋਮ ਨਾਥ, ਅਮਨ, ਕਾਲਾ ਮਿਗਲਾਨੀ 'ਤੇ ਹੋਰਾਂ ਨੇ ਕਿਹਾ ਕਿ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੁੰਦੇ | ਫ਼ਸਲ ਖ਼ਰਾਬ ਹੋਣ ਦਾ ਉਨ੍ਹਾਂ ਨੂੰ ਮੁਆਵਜ਼ਾ ਵੀ ਨਹੀਂ ਮਿਲ ਰਿਹਾ | ਉਨ੍ਹਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨ੍ਹਾਂ ਦੇ ਪਿੰਡ ਆਏ ਸਨ ਅਤੇ ਉਨ੍ਹਾਂ ਨੇ ਖ਼ੁਦ ਅੱਖੀਂ ਹੋਏ ਨੁਕਸਾਨ ਨੂੰ ਦੇਖਿਆ ਸੀ ਪਰ ਫਿਰ ਵੀ ਤਿੰਨ ਸਾਲਾਂ ਬਾਅਦ ਵੀ ਉਨ੍ਹਾਂ ਦੇ ਪਿੰਡ ਵਿਚੋਂ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ | ਕਿਸਾਨਾਂ ਨੇ ਕਿਹਾ ਕਿ ਜੇਕਰ ਇੱਥੇ ਪਾਈਪ ਲਾਈਨ ਜਾਂ ਸੇਮ ਨਾਲਾ ਨਿਕਲ ਜਾਵੇ ਤਾਂ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋਣ ਤੋਂ ਬਚ ਸਕਦੀਆਂ ਹਨ |