ਫ਼ਾਜ਼ਿਲਕਾ, 31 ਅਗਸਤ (ਅਮਰਜੀਤ ਸ਼ਰਮਾ)-ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੁਹਾਰ ਜਮਸ਼ੇਰ ਦੀ ਨਿਰਮਲਾ ਰਾਣੀ ਲਈ ਸਿਹਤ ਵਿਭਾਗ ਫ਼ਰਿਸ਼ਤਾ ਬਣ ਕੇ ਸਾਹਮਣੇ ਆਇਆ ਹੈ | ਉਨ੍ਹਾਂ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਹ ਹੜ੍ਹ ਆਲ਼ੇ ਭਿਆਨਕ ਹਲਾਤਾਂ 'ਚ ਆਪਣੇ ਬੱਚੇ ਨੂੰ ਜਨਮ ਦੇਵੇਗੀ | ਸਰਹੱਦਾਂ 'ਤੇ ਵਸੇ ਹੋਣ ਕਾਰਨ ਕਦੇ ਜੰਗ ਤੇ ਕਦੇ ਹੜ੍ਹ ਵਰਗਿਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨ ਵਾਲੇ ਇੱਥੋਂ ਦੇ ਲੋਕਾਂ ਨੂੰ ਇਕ ਵਾਰ ਫਿਰ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫ਼ਸਲ ਬਰਬਾਦ ਹੋਣ ਕਰਕੇ ਆਰਥਿਕ ਪੱਖੋਂ ਵੀ ਹੋਲੇ ਹੋ ਗਏ ਹਨ | ਇਸ ਅÏਖੀ ਘੜੀ ਵਿਚ ਸਿਹਤ ਵਿਭਾਗ ਵਲੋਂ ਸਪੈਸ਼ਲ ਮੈਡੀਕਲ ਕੈਂਪਾਂ ਰਾਹੀਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੇ ਪਰਿਵਾਰਾਂ ਨੂੰ ਮਰਹਮ ਲਾਉਣ ਦਾ ਕੰਮ ਕੀਤਾ ਹੈ ਤਾਂਕਿ ਉਨ੍ਹਾਂ ਦਾ ਦੁੱਖ ਘੱਟ ਹੋ ਸਕੇ ਅਤੇ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਸਟਾਫ਼ ਤੱਕ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਮੁਸ਼ਕਿਲ ਘੜੀ ਵਿਚ ਸਮੇਂ ਦਾ ਹਾਣੀ ਬਣੇ ਹੋਏ ਹਨ | ਸਿਵਲ ਸਰਜਨ ਡਾ. ਰਾਜ ਕੁਮਾਰ ਤੇ ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਹੜ੍ਹ ਪੀੜਤਾਂ ਲਈ ਹਰ ਸੰਭਵ ਮਦਦ ਦੇਣ ਤੇ ਗਰਭਵਤੀ ਮਹਿਲਾਵਾਂ ਨੂੰ ਮੁਸ਼ਕਿਲ ਹਲਾਤਾ 'ਚੋਂ ਬਾਹਰ ਕੱਢ ਸੁਰੱਖਿਅਤ ਸਿਹਤ ਕੇਂਦਰ ਵਿਚ ਦਾਖਲ ਕਰਵਾ ਉਨ੍ਹਾਂ ਦਾ ਜਣੇਪਾ ਕਰਵਾਇਆ ਜਾ ਰਿਹਾ ਹੈ | ਸਿਹਤ ਵਿਭਾਗ ਵਲੋਂ ਪਿੰਡ ਮੁਹਾਰ ਜਮਸ਼ੇਰ ਦੀ ਨਿਰਮਲਾ ਰਾਣੀ ਅਤੇ ਕੈਲਾਸ਼ ਕੌਰ ਗਰਭਵਤੀ ਮਹਿਲਾਵਾਂ ਨੂੰ ਸਿਹਤ ਵਿਭਾਗ ਵਲੋਂ ਰੈਸਕਿਊ ਕਰਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ |