ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਤਲੁਜ ਕਰੀਕ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਜ਼ਿਲ੍ਹੇ ਦੇ ਲਗਭਗ 20 ਪਿੰਡਾਂ ਦਾ ਸੜਕੀ ਸੰਪਰਕ ਟੁੱਟ ਭਾਰਤ ਨਾਲੋਂ ਟੁੱਟ ਚੁੱਕਿਆ ਹੈ | ਜਿਸ ਦੇ ਚੱਲਦੇ ਫ਼ਾਜ਼ਿਲਕਾ ਦੇ ਪਿੰਡ ਕਾਵਾਂਵਾਲੀ ਪੁਲ ਤੋਂ ਪਾਰ ਪੈਂਦੇ ਕਰੀਬ 10 ਪਿੰਡਾਂ ਦੇ ਵਿਚ ਘਰਾਂ ਤੇ ਖੇਤਾਂ 'ਚ ਪਾਣੀ ਭਰਿਆ ਹੋਇਆ ਹੈ | ਜਿਨ੍ਹਾਂ 'ਚੋਂ ਪ੍ਰਸ਼ਾਸਨ ਵਲੋਂ ਐਨ.ਡੀ.ਆਰ.ਐਫ.ਟੀਮ ਦੀ ਮਦਦ ਨਾਲ ਬਹੁਤੇ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਲਿਆਂਦਾ ਜਾ ਚੁੱਕਿਆ ਹੈ ਤੇ ਕੁੱਝ ਲੋਕ ਹਾਲੇ ਵੀ ਇਨ੍ਹਾਂ ਪ੍ਰਭਾਵਿਤ ਪਿੰਡਾਂ 'ਚ ਆਪਣੇ ਘਰਾਂ ਦੀਆਂ ਛੱਤਾਂ 'ਤੇ ਟਿਕਾਣਾ ਬਣਾ ਕੇ ਰੁਕੇ ਹੋਏ ਹਨ | ਅੱਜ ਐਨ.ਡੀ.ਆਰ.ਐਫ.ਦੀ ਟੀਮ ਵਲੋਂ 100 ਸਾਲਾਂ ਬਿਮਾਰ ਬਜ਼ੁਰਗ ਮਾਤਾ ਮਾਨੋ ਬਾਈ ਵਾਸੀ ਦੋਨਾ ਨਾਨਕਾ ਨੂੰ ਰੈਸਕਿਊ ਕਰ ਕਿਸ਼ਤੀ ਦੀ ਮਦਦ ਦੇ ਨਾਲ ਪਿੰਡ ਤੋਂ ਬਾਹਰ ਲਿਆਂਦਾ ਗਿਆ | ਜਾਣਕਾਰੀ ਦਿੰਦੇ ਹੋਏ ਐਨ.ਡੀ.ਆਰ.ਐਫ਼ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵਲੋਂ ਉਕਤ ਬਜ਼ੁਰਗ ਮਾਤਾ ਨੂੰ ਮੁੱਢਲੇ ਇਲਾਜ ਤੋਂ ਬਾਅਦ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ 'ਚ ਭੇਜਿਆ ਗਿਆ |