ਅਬੋਹਰ, 31 ਅਗਸਤ (ਵਿਵੇਕ ਹੂੜੀਆ)-ਬੀਤੀ ਰਾਤ ਸਥਾਨਕ ਹਨੂਮਾਨਗੜ੍ਹ ਰੋਡ ਬਾਈਪਾਸ 'ਤੇ ਮੀਂਹ ਕਾਰਨ ਸ੍ਰੀ ਗੰਗਾਨਗਰ ਵੱਲ ਜਾ ਰਹੀ ਇਕ ਪਿਕਅਪ ਸੜਕ 'ਤੇ ਖੜੀ ਟਰੈਕਟਰ-ਟਰਾਲੀ ਨਾਲ ਟੱਕਰਾ ਗਈ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸ ਘਟਨਾ ਵਿਚ ਪਿਕਅਪ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ | ਉਸ ਨੂੰ ਸੜਕ ਸੁਰੱਖਿਆ ਬਲ ਦੀ ਟੀਮ ਨੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ | ਜਦੋਂ ਕਿ ਬਾਅਦ ਵਿਚ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਸ੍ਰੀ ਗੰਗਾਨਗਰ ਲੈ ਗਏ | ਇਸ ਸਬੰਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੌਜਗੜ੍ਹ ਦਾ ਰਹਿਣ ਵਾਲਾ ਲਗਭਗ 40 ਸਾਲਾ ਓਮ ਪ੍ਰਕਾਸ਼ ਬੀਤੀ ਰਾਤ ਪਿਕਅਪ ਗੱਡੀ ਵਿਚ ਕੁੱਝ ਸਾਮਾਨ ਲੈ ਕੇ ਸ੍ਰੀ ਗੰਗਾਨਗਰ ਜਾ ਰਿਹਾ ਸੀ | ਜਦੋਂ ਉਹ ਹਨੂਮਾਨਗੜ੍ਹ ਰੋਡ ਤੋਂ ਬਾਈਪਾਸ ਵੱਲ ਸੰਗਮ ਵਿਹਾਰ ਕਾਲੋਨੀ ਦੇ ਨੇੜੇ ਪਹੁੰਚਿਆ ਤਾਂ ਸੜਕ 'ਤੇ ਇਕ ਟਰੈਕਟਰ-ਟਰਾਲੀ ਖੜ੍ਹੀ ਸੀ | ਜੋ ਕਿ ਮੀਂਹ ਕਾਰਨ ਪਿਕਅਪ ਡਰਾਈਵਰ ਨੂੰ ਦਿਖਾਈ ਨਹੀਂ ਦੇ ਰਿਹਾ ਸੀ ਤੇ ਪਿਕਅਪ ਉਕਤ ਟਰਾਲੀ ਦੇ ਪਿਛਲੇ ਹਿੱਸੇ ਨਾਲ ਟੱਕਰਾ ਗਿਆ | ਘਟਨਾ ਦੌਰਾਨ ਉੱਥੋਂ ਲੰਘ ਰਹੇ ਹੋਰ ਡਰਾਈਵਰਾਂ ਨੇ ਇਸ ਬਾਰੇ ਸੜਕ ਸੁਰੱਖਿਆ ਬਲ ਨੂੰ ਸੂਚਿਤ ਕੀਤਾ | ਜਿਨ੍ਹਾਂ ਨੇ ਜ਼ਖਮੀ ਪਿਕਅਪ ਡਰਾਈਵਰ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ | ਇੱਥੇ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ |