ਅਬੋਹਰ, 31 ਅਗਸਤ (ਸੁਖਜੀਤ ਸਿੰਘ ਬਰਾੜ)-ਪੰਜਾਬ ਸਰਕਾਰ ਭਾਰਤ-ਪਾਕਿਸਤਾਨ ਸਰਹੱਦ ਨਾਲ ਵਸੇ ਜ਼ਮੀਨਾਂ ਵਾਲੇ ਕਿਸਾਨਾਂ ਦਾ ਪੱਕਾ ਹੱਲ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਾਬਕਾ ਕਾਂਗਰਸ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਿਸਾਨ ਜੋ ਕਿ ਦਹਾਕਿਆਂ ਤੋਂ ਖੇਤੀ ਕਰ ਰਹੇ ਹਨ | ਇਨ੍ਹਾਂ 'ਚੋਂ ਬਹੁਤੇ ਲੱਖਾਂ ਕਿਸਾਨਾਂ ਦੇ ਸਿਰਫ਼ ਜ਼ਮੀਨਾਂ 'ਤੇ ਕਬਜ਼ੇ ਹੀ ਹਨ ਤੇ ਸਿਰਫ਼ ਗਿਰਦਾਵਰੀਆਂ ਹੀ ਉਨ੍ਹਾਂ ਦੇ ਨਾਮ 'ਤੇ ਹਨ | ਇਹ ਮਿਹਨਤਕਸ਼ ਲੋਕ ਦਹਾਕਿਆਂ ਤੋਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜਿਨ੍ਹਾਂ ਜ਼ਮੀਨਾਂ 'ਤੇ ਉਹ ਦਹਾਕਿਆਂ ਤੋਂ ਖੇਤੀ ਕਰ ਰਹੇ ਹਨ ਉਹ ਜ਼ਮੀਨਾਂ ਪੱਕੇ ਤੌਰ 'ਤੇ ਨਾਮ ਕੀਤੀਆਂ ਜਾਣ | ਉਹ ਭਾਰਤ-ਪਾਕਿਸਤਾਨ ਜੰਗ ਦੀ ਵੀ ਕਈ ਵਾਰ ਮਾਰ ਝੱਲ ਚੁੱਕੇ ਹਨ | ਹੜ੍ਹਾਂ ਦੀ ਵੀ ਉਹ ਬਹੁਤ ਮਾਰਾ ਝੱਲ ਰਹੇ ਹਨ | ਜਦੋਂ ਵੀ ਹੜ੍ਹ ਆਉਂਦੇ ਹਨ ਤਾਂ ਇਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ | ਘਰ ਢਹਿ ਢੇਰੀ ਹੋ ਜਾਂਦੇ ਹਨ | ਪਸ਼ੂ ਡੰਗਰ ਵੀ ਪਾਣੀ 'ਚ ਰੁੜ੍ਹ ਜਾਂਦੇ ਹਨ | ਇਸ ਵਾਰ ਵੀ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ 'ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾ ਰੱਖੀ ਹੈ | ਉਨ੍ਹਾਂ ਕਿਹਾ ਕਿ ਜੰਗ ਅਤੇ ਹੜ੍ਹਾਂ ਦੀ ਦੋਹਰੀ ਮਾਰ ਝੱਲਣ ਵਾਲੇ ਬਾਰਡਰ ਪੱਟੀ ਦੇ ਕਿਸਾਨਾਂ ਦਾ ਦਰਦ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹੈ | ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਬਾਰਡਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਪੱਕੇ ਤੌਰ 'ਤੇ ਇਨ੍ਹਾਂ ਦੇ ਨਾਮ ਕਰਕੇ ਇਨ੍ਹਾਂ ਦਾ ਪੱਕਾ ਹੱਲ ਕੀਤਾ ਜਾਵੇ |