ਜਲਾਲਾਬਾਦ, 31 ਅਗਸਤ (ਕਰਨ ਚੁਚਰਾ)- ਅਨੁਰਾਗ ਵਰਮਾ ਵਿੱਤ ਕਮਿਸ਼ਨਰ ਮਾਲ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹ ਰਾਹਤ ਪ੍ਰਬੰਧਾਂ ਦੀ ਸਮੀਖਿਆ ਲਈ ਐੱਸ.ਡੀ.ਐਮ ਦਫ਼ਤਰ ਜਲਾਲਾਬਾਦ ਵਿਖੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਜ਼ਿਲੇ੍ਹ ਵਿਚ ਹੜ੍ਹ ਦੀ ਤਾਜ਼ਾ ਸਥਿਤੀ ਸਬੰਧੀ ਰਿਪੋਰਟ ਪ੍ਰਾਪਤ ਕਰਨ ਦੇ ਨਾਲ ਨਾਲ ਅਧਿਕਾਰੀਆਂ ਨੂੰ ਕਿਹਾ ਕਿ ਰਾਹਤ ਕਾਰਜਾਂ ਵਿਚ ਕੋਈ ਉਨਤਾਈ ਨਾ ਆਵੇ ਅਤੇ ਹਰ ਲੋੜਵੰਦ ਵਿਅਕਤੀ ਤੱਕ ਰਾਹਤ ਸਮਗਰੀ ਦੀ ਪਹੁੰਚ ਯਕੀਨੀ ਬਣਾਈ ਜਾਵੇ | ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਰਾਹਤ ਕਾਰਜਾਂ ਲਈ ਫ਼ੰਡ ਦੀ ਕੋਈ ਘਾਟ ਨਹੀਂ ਹੈ ਤੇ ਮੰਗ ਅਨੁਸਾਰ ਸਰਕਾਰ ਵੱਲੋਂ ਫ਼ੰਡ ਉਪਲਬਧ ਕਰਵਾਏ ਜਾਣਗੇ | ਉਨ੍ਹਾਂ ਨੇ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਸਤਲੁਜ ਕ੍ਰੀਕ ਦੇ ਬੰਨਾ ਅਤੇ ਡਰੇਨਾਂ ਤੇ ਪੂਰੀ ਚੌਕਸੀ ਰੱਖੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਹੋਰ ਬਰੀਚ ਨਾ ਹੋਵੇ | ਉਨ੍ਹਾਂ ਨੇ ਹਦਾਇਤ ਕੀਤੀ ਕਿ ਡਰੇਨਾਂ ਦੇ ਵਿਚ ਪਾਣੀ ਦਾ ਪ੍ਰਵਾਹ ਨਾ ਰੁਕੇ ਅਤੇ ਜੇਕਰ ਕਿਤੇ ਕੋਈ ਰੁਕਾਵਟ ਆਉਂਦੀ ਹੈ ਤਾਂ ਉਸ ਨੰੂ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ ਡਰੇਨਾਂ ਨੂੰ ਓਵਰਫ਼ਲੋ ਹੋਣ ਤੋਂ ਬਚਾਇਆ ਜਾਵੇ | ਸ੍ਰੀ ਵਰਮਾ ਨੇ ਕਿਹਾ ਕਿ ਰਾਹਤ ਕੈਂਪਾਂ ਵਿਚ ਜੋ ਲੋਕ ਪਹੁੰਚੇ ਹਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਪ੍ਰਭਾਵਿਤ ਲੋਕਾਂ ਦੀ ਪਹਿਚਾਣ ਯਕੀਨੀ ਕਰਦੇ ਹੋਏ ਉਨ੍ਹਾਂ ਤੱਕ ਰਾਹਤ ਸਮਗਰੀ ਦੀ ਪਹੁੰਚ ਯਕੀਨੀ ਬਣਾਈ ਜਾਵੇ | ਬੈਠਕ ਦੌਰਾਨ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀ 22988 ਆਬਾਦੀ ਪ੍ਰਭਾਵਿਤ ਹੋਈ ਹੈ ਤੇ 2049 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ | ਕੈਂਪਾਂ ਵਿਚ 1201 ਲੋਕ ਹਨ | ਰਾਹਤ ਸਮੱਗਰੀ ਵਜੋਂ ਰਾਸ਼ਨ ਕਿੱਟਾਂ 4558 ਅਤੇ ਕੈਟਲ ਫੀਡ 2017 ਬੈਗ ਵੰਡੀ ਗਈ ਹੈ | ਇਸ ਤੋਂ ਬਿਨਾਂ ਜ਼ਿਲ੍ਹੇ ਵਿਚ 55 ਟਰਾਲੀਆਂ ਹਰਾ ਚਾਰਾ, 4800 ਬੋਤਲ ਪਾਣੀ ਵੰਡੀ ਗਈ ਹੈ | ਜ਼ਿਲ੍ਹੇ ਦੇ ਕੁੱਲ 32 ਪਿੰਡ ਪ੍ਰਭਾਵਿਤ ਹਨ ਤੇ ਲਗਭਗ 13000 ਏਕੜ ਰਕਬਾ ਇਸ ਨਾਲ ਪ੍ਰਭਾਵਿਤ ਹੋਇਆ ਹੈ | ਬੈਠਕ 'ਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਐੱਸ.ਡੀ.ਐਮ ਕਿ੍ਸ਼ਨਾ ਪਾਲ ਰਾਜਪੂਤ, ਵੀਰਪਾਲ ਕੌਰ ਅਤੇ ਕੰਵਰ ਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਨਿਗਰਾਨ ਇੰਜੀਨੀਅਰ ਰਾਜਨ ਢੀਂਗੜਾ, ਕਾਰਜਕਾਰੀ ਇੰਜੀਨੀਅਰ ਅਲੋਕ ਚੌਧਰੀ, ਡੀ.ਐੱਸ.ਪੀ ਅਵਿਨਾਸ਼ ਚੰਦਰ ਵੀ ਹਾਜ਼ਰ ਸਨ |