ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਫ਼ਾਜ਼ਿਲਕਾ ਜ਼ਿਲੇ੍ਹ ਦੇ ਦੌਰੇ ਦੌਰਾਨ ਪਿੰਡ ਨੂਰ ਸ਼ਾਹ ਨੇੜੇ ਚੰਦ ਭਾਨ ਡਰੇਨ ਦੇ ਕੋਲ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਆਪਣੇ ਹੱਥੀ ਰਾਹਤ ਸਮਗਰੀ ਉਨ੍ਹਾਂ ਨੂੰ ਵੰਡੀ | ਇਸ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ | ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪੀੜਤਾਂ ਨੂੰ ਹਰ ਮਦਦ ਮੁਹੱਈਆ ਕਰਵਾ ਰਹੀ ਹੈ ਅਤੇ ਹੜ੍ਹ ਰਾਹਤ ਕਾਰਜਾਂ ਲਈ ਫ਼ੰਡ ਦੀ ਕੋਈ ਘਾਟ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਫ਼ਾਜ਼ਿਲਕਾ ਹਲਕੇ ਵਿਚ ਹੀ 70 ਲੱਖ ਰੁਪਏ ਤੋਂ ਵੱਧ ਦੀ ਰਾਹਤ ਸਮੱਗਰੀ ਦੀ ਵੰਡ ਸਰਕਾਰੀ ਟੀਮਾਂ ਵਲੋਂ ਲੋਕਾਂ ਨੂੰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ 4558 ਰਾਸ਼ਨ ਕਿੱਟਾਂ ਦੀ ਵੰਡ ਲੋਕਾਂ ਨੂੰ ਕੀਤੀ ਗਈ ਹੈ ਅਤੇ 2017 ਬੈਗ ਕੈਟਲ ਫੀਡ ਵੰਡੀ ਗਈ ਹੈ | ਰਾਹਤ ਕੈਂਪਾਂ ਵਿਚ ਵੀ ਲੋਕਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਸਮੇਤ ਵੱਖ-ਵੱਖ ਅਧਿਕਾਰੀਆਂ ਨਾਲ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ | ਇਸ ਮੌਕੇ ਉਨ੍ਹਾਂ ਨੇ ਰਾਹਤ ਕਾਰਜਾਂ ਵਿਚ ਲੱਗੇ ਵਲੰਟੀਅਰਾਂ ਨਾਲ ਵੀ ਬੈਠਕ ਕੀਤੀ ਅਤੇ ਕਿਹਾ ਕਿ ਇਸ ਮੌਕੇ ਅਸੀਂ ਹੜ੍ਹ ਪੀੜਤਾਂ ਦਾ ਹੌਸਲਾ ਬਣਾਉਣਾ ਹੈ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਨੂਰ ਸ਼ਾਹ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਮੀਡੀਆ ਕੋਆਰਡੀਨੇਟਰ ਚਰਨਜੀਤ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਨਾਲ ਹਾਜ਼ਰ ਸਨ | ਦੌਰੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਅਤੇ ਐੱਸ.ਡੀ.ਐਮ ਵੀਰਪਾਲ ਕੌਰ, ਤਹਿਸੀਲਦਾਰ ਜਸਪ੍ਰੀਤ ਸਿੰਘ ਦੀ ਹਾਜ਼ਰ ਰਹੇ | ਇਸ ਦੌਰਾਨ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਨੇ ਬੰਨ੍ਹ ਕਿਨਾਰੇ ਹੀ ਹੜ੍ਹ ਪੀੜਤਾਂ ਦੇ ਨਾਲ ਹੀ ਲੰਗਰ ਛਕਿਆ |