ਅਬੋਹਰ, 31 ਅਗਸਤ (ਵਿਵੇਕ ਹੂੜੀਆ)-ਸਬ-ਡਵੀਜ਼ਨ ਦੇ ਕੋਇਲ ਖੇੜਾ ਪਿੰਡ ਦੀਆਂ ਟੇਲਾਂ ਤੋਂ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ | ਸੰਸਥਾ ਨਰ ਸੇਵਾ ਨਰਾਇਣ ਸੇਵਾ ਸਮਿਤੀ ਨੇ ਪੁਲਿਸ ਦੀ ਮਦਦ ਨਾਲ ਇਸ ਨੂੰ ਪਛਾਣ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਇਸ ਸਬੰਧ 'ਚ ਪ੍ਰਾਪਤ ਜਾਣਕਾਰੀ ਅਨੁਸਾਰ ਸੰਸਥਾ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਕੋਇਲ ਖੇੜਾ ਦੀ ਟੇਲ 'ਤੇ ਇੱਕ ਵਿਅਕਤੀ ਦੀ 10 ਦਿਨ ਪੁਰਾਣੀ ਲਾਸ਼ ਪਈ ਹੈ | ਸੂਚਨਾ ਮਿਲਣ 'ਤੇ ਕਮੇਟੀ ਦੇ ਸੇਵਾਦਾਰ ਤੇ ਖੁਈਆਂ ਸਰਵਰ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਬਾਹਰ ਕੱਢਿਆ | ਜੋ ਕਿ ਪੂਰੀ ਤਰ੍ਹਾਂ ਨੰਗਾ ਹੈ ਤੇ ਕਈ ਦਿਨ ਪੁਰਾਣਾ ਹੋਣ ਕਾਰਨ ਪਛਾਣ ਨਹੀਂ ਹੋ ਰਹੀ ਹੈ | ਪੁਲਿਸ ਨੇ ਲਾਸ਼ ਨੂੰ ਮੁਰਦਾ ਘਰ ਵਿਚ ਰੱਖਿਆ ਤੇ ਕਿਹਾ ਕਿ ਜੇਕਰ 72 ਘੰਟਿਆਂ ਦੇ ਅੰਦਰ ਇਸ ਦੀ ਪਛਾਣ ਨਹੀਂ ਹੁੰਦੀ ਹੈ, ਤਾਂ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਲਈ ਸੰਸਥਾ ਦੇ ਹਵਾਲੇ ਕਰ ਦਿੱਤਾ ਜਾਵੇਗਾ |