ਅਬੋਹਰ, 21 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ 'ਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਮਸ਼ਹੂਰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਅਧੀਨ ਆਉਂਦੇ ਪਿੰਡ ਡੰਗਰ ਖੇੜਾ 'ਚ ਖੇਡ ਦੇ ਮੈਦਾਨ ਦੀ ਘਾਟ ਇੱਕ ਗੰਭੀਰ ਮੁੱਦਾ ਬਣ ਗਿਆ ਹੈ | ਇਸ ਸੰਬੰਧੀ ਪਿੰਡ ਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਖੇਡਾਂ ਲਈ ਜ਼ਮੀਨ ਦੀ ਮੰਗ ਕਰਨ ਦੇ ਉਦੇਸ਼ ਨਾਲ ਪਿੰਡ 'ਚ 'ਮਿਸ਼ਨ ਖੇਡ ਮੈਦਾਨ' ਮੁਹਿੰਮ ਸ਼ੁਰੂ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸ਼ੈਫਾਲੀ ਟਾਂਕ, ਸਾਬਕਾ ਸਰਪੰਚ ਖਜਾਨ ਚੰਦ, ਸਾਬਕਾ ਚੇਅਰਮੈਨ ਸੋਹਣ ਲਾਲ, ਵਿਜੈ ਪ੍ਰਧਾਨ, ਬਲਦੇਵ ਖਹਿਰਾ, ਰਤਨਾ ਕਾਰਗਵਾਲ, ਭੀਮ ਜਲੰਧਰਾ, ਭਜਨ ਲਾਲ, ਸੁਭਾਸ਼ ਚੌਧਰੀ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਨੇ ਪਹਿਲਾਂ ਸਾਡੇ ਪਿੰਡ ਦੀ ਪ੍ਰਸ਼ੰਸਾ ਕੀਤੀ ਹੈ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਿੰਡ ਮਸ਼ਹੂਰ ਹੋਣ ਦੇ ਬਾਵਜੂਦ ਇੱਥੇ ਕੋਈ ਢੁਕਵਾਂ ਖੇਡ ਮੈਦਾਨ ਨਹੀਂ ਹੈ | ਪਿੰਡ 'ਚ ਲਗਭਗ 6500 ਵੋਟਰ ਹਨ ਤੇ ਇੱਥੇ 500 ਤੋਂ ਵੱਧ ਲੋਕ ਸਰਕਾਰੀ ਕਰਮਚਾਰੀ ਹਨ ਪਰ ਪਿੰਡ ਵਿਚ ਖੇਡ ਦੇ ਮੈਦਾਨ ਦੀ ਘਾਟ ਨੇ ਇੱਥੋਂ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਸੀਮਤ ਕਰ ਦਿੱਤਾ ਹੈ | ਪਿੰਡ ਦੇ ਨੌਜਵਾਨ ਅਜੈ ਕੁਮਾਰ, ਕੁਲਦੀਪ ਸਾਂਗਵਾਲ, ਪੰਕਜ, ਦੇਵੀ ਲਾਲ, ਜਗਦੇਵ, ਵਿਕਰਮ, ਪਿ੍ੰਸ, ਰਵੀ, ਅਸ਼ੋਕ, ਪ੍ਰਵੀਨ, ਰਾਜਿੰਦਰ, ਸੁਰਿੰਦਰ, ਰੋਹਤਾਸ, ਪਵਨ ਆਦਿ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ 'ਯੁੱਧ ਨਸ਼ੇ ਵਿਰੋਧੀ' ਮੁਹਿੰਮ ਸ਼ਲਾਘਾਯੋਗ ਹੈ ਪਰ ਅੱਜ ਦੇ ਨੌਜਵਾਨਾਂ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡ ਮੈਦਾਨ ਹੋਣਾ ਬਹੁਤ ਜ਼ਰੂਰੀ ਹੈ | ਨੌਜਵਾਨਾਂ ਦੀ 'ਮਿਸ਼ਨ ਖੇਡ ਮੈਦਾਨ' ਡੰਗਰ ਖੇੜਾ ਰਾਹੀਂ ਪਿੰਡ ਦੀ ਮੌਜੂਦਾ ਪੰਚਾਇਤ, ਸਾਬਕਾ ਸਰਪੰਚ ਅਤੇ ਹੋਰ ਪਤਵੰਤੇ ਇਸ ਮੁੱਦੇ 'ਤੇ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋ ਰਹੇ ਹਨ |