ਅਬੋਹਰ, 21 ਜੁਲਾਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਉਪ ਮੰਡਲ ਦੇ ਪਿੰਡ ਝੁਰੜ ਖੇੜਾ ਦੀ ਸਮੁੱਚੀ ਪੰਚਾਇਤ ਤੇ ਪਿੰਡ ਦੇ ਪਤਵੰਤੇ ਤੇ ਦਾਨੀ ਸੱਜਣਾਂ ਵਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਕੂਲ ਮੁਖੀ ਅਭਿਸ਼ੇਕ ਕਟਾਰੀਆ ਦੀ ਵਧੀਆ ਕਾਰਗੁਜ਼ਾਰੀ ਤੇ ਸਕੂਲ ਦੇ ਬੱਚਿਆਂ ਤੇ ਇਮਾਰਤ 'ਚ ਹੋ ਰਹੀ ਤਰੱਕੀ ਤੋਂ ਖ਼ੁਸ਼ ਹੋ ਕੇ ਇੱਕ ਏ. ਸੀ. ਤੇ ਨਵੇਂ ਬਣੇ ਮੀਟਿੰਗ ਹਾਲ ਲਈ 50 ਕੁਰਸੀਆਂ ਦਾਨ ਵਜੋਂ ਭੇਟ ਕੀਤੀਆਂ | ਪਿੰਡ ਝੁਰੜ ਖੇੜਾ ਦੇ ਮੌਜੂਦਾ ਸਰਪੰਚ ਜੱਜ ਸਿੰਘ ਨੇ ਕਿਹਾ ਕਿ ਪਿੰਡ ਦਾ ਪ੍ਰਾਇਮਰੀ ਸਕੂਲ ਜਦੋਂ ਤੋਂ ਨਵੇਂ ਸੈਂਟਰ ਹੈੱਡ ਟੀਚਰ ਅਭਿਸ਼ੇਕ ਕਟਾਰੀਆ ਨੇ ਸੰਭਾਲਿਆ ਹੈ, ਸਕੂਲ ਦੀ ਤਰੱਕੀ 'ਚ ਦਿਨ ਦੁੱਗਣੀ ਤੇ ਰਾਤ ਚੌਗੁਣੀ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸਕੂਲ 'ਚ ਬੱਚਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋਕਿ ਇਸ ਸਾਲ ਤੱਕ ਵੀ ਬਰਕਰਾਰ ਹੈ ਤੇ ਇਮਾਰਤ ਦਾ ਸੁੰਦਰੀਕਰਨ ਹੋਣ ਨਾਲ ਬੱਚੇ ਮੱਲੋਮੱਲੀ ਸਕੂਲ ਪੜ੍ਹਨ ਲਈ ਦੌੜੇ ਆਉਂਦੇ ਹਨ | ਇਸ ਮੌਕੇ ਪਿੰਡ ਦੇ ਸਰਪੰਚ ਜੱਜ ਸਿੰਘ ਤੋਂ ਇਲਾਵਾ ਪੰਚਾਇਤ ਮੈਂਬਰ ਬਚਿੱਤਰ ਸਿੰਘ, ਜੰਡ ਸਿੰਘ, ਕੁਲਜੀਤ ਸਿੰਘ, ਵੀਰੂ ਰਾਮ, ਬਲਦੇਵ ਸਿੰਘ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਵੀਰਪਾਲ ਕੌਰ, ਸੁਖਦੀਪ ਕੌਰ ਅਤੇ ਸਕੂਲ ਦੇ ਮੁਖੀ ਅਭਿਸ਼ੇਕ ਤੋਂ ਇਲਾਵਾ ਸਕੂਲ ਦਾ ਸਟਾਫ਼ ਰਵਿੰਦਰ ਕੁਮਾਰ, ਸੰਦੀਪ ਕੁਮਾਰ, ਸਾਹਿਬ ਸਿੰਘ, ਗੌਤਮ, ਸ਼ਿਲਪਾ ਤਿੰਨਾ, ਗਗਨਦੀਪ ਕੌਰ ਆਦਿ ਹਾਜ਼ਰ ਸਨ |