ਜਲਾਲਾਬਾਦ, 21 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਦਰ ਜਲਾਲਾਬਾਦ ਤੇ ਥਾਣਾ ਵੈਰੋਕੇ ਦੀ ਪੁਲਿਸ ਵਲੋਂ ਗਸ਼ਤ ਦੌਰਾਨ 2 ਥਾਵਾਂ ਤੋਂ 4 ਗਰਾਮ ਹੈਰੋਇਨ, ਇੱਕ ਲਾਈਟਰ, ਸਿਲਵਰ ਪੇਪਰ ਤੇ 10 ਰੁਪਏ ਦਾ ਨੋਟ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਸਦਰ ਜਲਾਲਾਬਾਦ ਵਿਖੇ ਦਰਜ ਮੁਕੱਦਮੇ ਦੇ ਜਾਂਚ ਅਧਿਕਾਰੀ ਕਮ-ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਘੁਬਾਇਆ ਨੂੰ ਜਾ ਰਹੇ ਸੀ ਤਾਂ ਪਿੰਡ ਘੁਬਾਇਆ ਦੀ ਮੰਡ ਦੇ ਸ਼ੈੱਡ ਦੇ ਥੱਲੇ ਇੱਕ ਨੌਜਵਾਨ ਸਿਲਵਰ ਪੇਪਰ (ਪੰਨੀ) ਹੇਠਾਂ ਲਾਈਟਰ ਜਲਾ ਕੇ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ, ਜਿਸ ਨੰੂ ਪੁਲਿਸ ਨੇ ਕਾਬੂ ਕਰਕੇ ਮੁੱਢਲੀ ਪੁੱਛਗਿੱਛ ਕਰਨ ਤੇ ਇਸ ਵਿਅਕਤੀ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਚੰਨ ਸਿੰਘ ਵਾਸੀ ਗਾਂਧੀ ਨਗਰ ਜਲਾਲਾਬਾਦ ਵਜੋਂ ਹੋਈ ਹੈ | ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵਲੋਂ ਸੰਦੀਪ ਸਿੰਘ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਉੱਧਰ, ਥਾਣਾ ਵੈਰੋਕੇ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਦੇ ਸਬੰਧ 'ਚ ਪਿੰਡ ਚੱਕ ਕਬਰ ਵਾਲਾ ਦੇ ਕੋਲ ਪੁੱਜੇ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ ਤੇ ਕਸ਼ਮੀਰ ਸਿੰਘ ਉਰਫ਼ ਸੀਰਾ ਪੁੱਤਰ ਭਗਵਾਨ ਸਿੰਘ ਵਾਸੀ ਕਾਠਗੜ੍ਹ ਦੀ ਚੈਕਿੰਗ ਕੀਤੀ ਗਈ ਤਾਂ ਉਸ ਪਾਸੋਂ 4 ਗਰਾਮ ਹੈਰੋਇਨ ਬਰਾਮਦ ਹੋਈ | ਥਾਣਾ ਵੈਰੋਕੇ ਦੀ ਪੁਲਿਸ ਵਲੋਂ ਕਸ਼ਮੀਰ ਸਿੰਘ ਉਰਫ਼ ਸੀਰਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ |